ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮਿਲੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਹੈ ਕਿ ਪਾਵਰ ਪਲੇਅ ਵਿਚ ਵਿਕਟਾਂ ਗੁਆਉਣਾ ਉਸਦੀ ਟੀਮ ਲਈ ਮਹਿੰਗਾ ਸਾਬਤ ਹੋਇਆ। ਹੈਦਰਾਬਾਦ ਨੇ ਇਸ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਪੰਜਾਬ ਦੀ ਟੀਮ 16.5 ਓਵਰਾਂ ਵਿਚ 132 ਦੌੜਾਂ ‘ਤੇ ਢੇਰ ਹੋ ਗਈ ਸੀ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਰਾਹੁਲ ਨੇ ਕਿਹਾ,”ਅਸੀਂ ਪਾਵਰ ਪਲੇਅ ਵਿਚ ਵਿਕਟਾਂ ਗੁਆਈਆਂ, ਜਿਹੜਾ ਹਮੇਸ਼ਾ ਹੀ ਵੱਡੀ ਚੁਣੌਤੀ ਬਣ ਜਾਂਦਾ ਹੈ ਤੇ ਇਹ ਸਾਨੂੰ ਮਹਿੰਗਾ ਪਿਆ। ਇਸ ਤੋਂ ਬਾਅਦ ਮਯੰਕ ਅਗਰਵਾਲ ਦੇ ਰਨ ਆਊਟ ਹੋਣ ਨਾਲ ਸਾਨੂੰ ਵੱਡਾ ਝਟਕਾ ਲੱਗਾ। ਪਿਛਲੇ 5 ਮੁਕਾਬਲਿਆਂ ਵਿਚ ਅਸੀਂ ਡੈੱਥ ਓਵਰਾਂ ਵਿਚ ਸੰਘਰਸ਼ ਕਰ ਰਹੇ ਹਾਂ ਪਰ ਸਾਡੇ ਗੇਂਦਬਾਜ਼ਾਂ ਨੇ ਹੈਦਰਾਬਾਦ ਵਿਰੁੱਧ ਅੰਤ ਦੇ ਓਵਰਾਂ ਵਿਚ ਵਾਪਸੀ ਕਰਵਾਈ ਨਹੀਂ ਤਾਂ ਸਕੋਰ 230 ਦੇ ਨੇੜੇ ਪਹੁੰਚ ਜਾਂਦਾ।