ਕੈਨੇਡਾ – ਕੈਨੇਡਾ ਦੇ ਸੂਬੇ ਓਨਟਾਰੀਓ, ਡੱਗ ਫੋਰਡ ਸਰਕਾਰ ਵੱਲੋਂ ਅਜਿਹਾ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਨਾਲ ਸਾਲ ਵਿੱਚ ਦੋ ਵਾਰੀ ਸਮਾਂ ਬਦਲਣ ਦੀ ਕੀਤੀ ਜਾਂਦੀ ਕਵਾਇਦ ਨੂੰ ਖਤਮ ਕਰਨ ਵਾਸਤੇ ਰਾਹ ਪੱਧਰਾ ਹੋ ਜਾਵੇਗਾ ਤੇ ਸੂਬਾ ਓਨਟਾਰੀਓ ਹਮੇਸ਼ਾਂ ਲਈ ਡੇਅਲਾਈਟ ਟਾਈਮ ਵਿੱਚ ਸ਼ਿਫਟ ਹੋ ਜਾਵੇਗਾ|ਪਰ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਬਦੀਲੀ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਕਿਊਬਿਕ ਤੇ ਅਮਰੀਕਾ ਦਾ ਨਿਊ ਯੌਰਕ ਸਟੇਟ ਇਹੋ ਜਿਹਾ ਕਾਨੂੰਨ ਪਾਸ ਨਹੀਂ ਕਰਦਾ| ਇਹ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਹੈ ਪਰ ਇਸ ਨੂੰ ਸਰਕਾਰ ਦੇ ਨਾਲ ਨਾਲ ਲਿਬਰਲਾਂ ਦਾ ਸਮਰਥਨ ਵੀ ਹਾਸਲ ਹੈ| ਕੰਜ਼ਰਵੇਟਿਵ ਐਮਪੀਪੀ ਜੈਰੇਮੀ ਰੌਬਰਟਸ ਨੇ ਆਖਿਆ ਕਿ ਇਸ ਸਮਾਂ ਵਿਹਾਅ ਚੁੱਕੇ ਰੁਝਾਨ ਨੂੰ ਖਤਮ ਕਰਨ ਅਤੇ ਜਨਤਾ ਦੀ ਲੰਮੇਂ ਸਮੇਂ ਤੋਂ ਮੰਗ ਵੱਲ ਚੁੱਕਿਆ ਗਿਆ ਇਹ ਅਹਿਮ ਕਦਮ ਹੈ|ਰੌਬਰਟਸ ਨੇ ਆਖਿਆ ਕਿ ਇਹ ਕਦਮ ਚੁੱਕਣ ਨਾਲ ਓਨਟਾਰੀਓ ਆਪਣੇ ਕਿਊਬਿਕ ਤੇ ਨਿਊ ਯੌਰਕ ਸਟੇਟ ਵਿਚਲੇ ਹਮਰੁਤਬਾ ਅਧਿਕਾਰੀਆਂ ਨੂੰ ਇਸ ਤਰ੍ਹਾਂ ਦਾ ਫੈਸਲਾ ਲੈਣ ਲਈ ਪ੍ਰੇਰਿਤ ਕਰ ਸਕਦਾ ਹੈ ਤਾਂ ਕਿ ਅਸੀਂ ਰਲ ਕੇ ਇਸ ਪੁਰਾਣੀ ਰਵਾਇਤ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਸਕੀਏ| ਡੇਅਲਾਈਟ ਸੇਵਿੰਗ ਟਾਈਮ ਪਹਿਲੀ ਨਵੰਬਰ ਤੋਂ ਸਵੇਰੇ 2:00 ਵਜੇ ਤੋਂ ਖਤਮ ਹੋਵੇਗਾ|ਮਈ ਵਿੱਚ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਇਸ ਰੁਝਾਨ ਨੂੰ ਖਤਮ ਕਰਨ ਲਈ ਬਿੱਲ ਪਾਸ ਕੀਤਾ ਗਿਆ ਸੀ| ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਟਾਈਮ ਬਦਲਣ ਨਾਲ ਰੋਡ ਐਕਸੀਡੈਂਟਸ ਵਿੱਚ ਵਾਧਾ ਹੁੰਦਾ ਹੈ ਤੇ ਇਸ ਨਾਲ ਹਾਰਟ ਅਟੈਕ ਹੋਣ ਤੇ ਸਟਰੋਕ ਦੀ ਦਰ ਵਿੱਚ ਵੀ ਵਾਧਾ ਹੁੰਦਾ ਹੈ|