ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ‘ਫਿਕਸਡ ਮੈਚ’ ਦੇ ਲਾਏ ਦੋਸ਼ਾਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਬੇਤੁਕਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਤਬਾਹ ਕਰਨ ਲਈ ਭਾਜਪਾ ਦੀ ਬੋਲੀ ਬੋਲਣ ਕਰਕੇ ਅਕਾਲੀਆਂ ਦੀ ਕਰੜੀ ਆਲੋਚਨਾ ਵੀ ਕੀਤੀ।ਮੁੱਖ ਮੰਤਰੀ ਨੇ ਪੁੱਛਿਆ, ”ਮੈਂ ਕਿਸ ਨਾਲ ਫਿਕਸਡ ਮੈਚ ਖੇਡ ਰਿਹਾ ਹਾਂ?” ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਸਾਰੇ ‘ਫਿਕਸਡ ਮੈਚ’ ਖੇਡਣ ਤੋਂ ਬਾਅਦ ਸੁਖਬੀਰ ਹੁਣ ਇਸ ਕਦਰ ਭਰਮ ਦਾ ਸ਼ਿਕਾਰ ਹੋ ਗਿਆ ਹੈ ਕਿ ਉਹ ਇਹ ਵੀ ਭੁੱਲ ਚੁੱਕਾ ਹੈ ਕਿ ਫਿਕਸਡ ਮੈਚ ਇਕੱਲਿਆ ਕਦੇ ਨਹੀਂ ਖੇਡਿਆ ਜਾ ਸਕਦਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕੋਈ ਫਿਕਸਡ ਮੈਚ ਖੇਡ ਰਿਹਾ ਹੈ ਤਾਂ ਉਹ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਕਾਲੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਾਪਸ ਲੈਣ ਦੇ ਫੈਸਲੇ ਨੂੰ ਬਚਾਅ ਕਰਨ ਦੀ ਘਟਨਾ ਇਸ ਗੱਲ ਦੀ ਤਾਜ਼ਾ ਉਦਾਹਰਨ ਹੈ ਕਿ ਅਕਾਲੀ ਦਲ ਲਗਾਤਾਰ ਭਾਜਪਾ ਦੇ ਇਸ਼ਾਰਿਆਂ ਉਤੇ ਨੱਚ ਰਿਹਾ ਹੈ ਅਤੇ ਐਨ.ਡੀ.ਏ. ਛੱਡਣ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਹਿੱਤ ਲਈ ਕੰਮ ਕਰ ਰਿਹਾ ਹੈ।ਮੁੱਖ ਮੰਤਰੀ ਨੇ ਸੁਖਬੀਰ ਦੀ ਉਸ ਟਿੱਪਣੀ ਦੀ ਵੀ ਆਲੋਚਨਾ ਕੀਤੀ ਜਿਸ ਵਿੱਚ ਕਿਹਾ ਸੀ ਕਿ ਅਕਾਲੀ ਆਪਣੀ ਸਰਕਾਰ ਨੂੰ ਕੁਝ ਵੀ ਕਰਵਾਉਣ ਲਈ ਮਜਬੂਰ ਕਰ ਦੇਣਗੇ। ਇਸ ਤਰ੍ਹਾਂ ਅਕਾਲੀਆਂ ਨੇ ਖੁਦ ਹੀ ਮੰਨ ਲਿਆ ਕਿ ਉਹ ਕੇਂਦਰ ਵਿੱਚ ਕਿਸਾਨ ਵਿਰੋਧੀ ਕਾਨੂੰਨ ਨਾ ਲਿਆਉਣ ਲਈ ਮਨਾਉਣ ਵਿੱਚ ਕੇਂਦਰ ਸਰਕਾਰ ਨੂੰ ਮਨਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ।ਉਨ੍ਹਾਂ ਕਿਹਾ ਕਿ ਬਾਦਲਾਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੇ ਬੇਤੁਕੇ ਬਿਆਨਾਂ ਅਤੇ ਝੂਠੇ ਦਾਅਵਿਆਂ ਨਾਲ ਆਪਣਾ ਅਤੇ ਆਪਣੀ ਪਾਰਟੀ ਨੂੰ ਹਾਸੇ ਦਾ ਪਾਤਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪੁਰਾਣੇ ਭਾਈਵਾਲ ਭਾਜਪਾ ਨੇ ਵੀ ਜਨਤਕ ਤੌਰ ‘ਤੇ ਐਲਾਨ ਕੀਤਾ ਹੈ ਕਿ ਅਕਾਲੀਆਂ ਨੇ ਪਹਿਲੇ ਦਿਨ ਤੋਂ ਹੀ ਇਨ੍ਹਾਂ ਕਾਨੂੰਨਾਂ ਦੀ ਪੂਰਨ ਹਮਾਇਤ ਕੀਤੀ ਸੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੇ ਝੂਠ ਅਤੇ ਦੋਹਰੇ ਮਾਪਦੰਡਾਂ ਦਾ ਨਾ ਕੇਵਲ ਪੰਜਾਬ ਅਤੇ ਇਸ ਦੇ ਕਿਸਾਨਾਂ ਅੱਗੇ ਭਾਂਡਾ ਫੁੱਟਿਆ ਹੈ ਸਗੋਂ ਪੂਰੇ ਦੇਸ਼ ਨੂੰ ਇਨ੍ਹਾਂ ਦੀ ਦੋਗਲੀ ਨੀਤੀ ਦਾ ਵੀ ਪਤਾ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਜਿਹੀਆਂ ਸ਼ਰਮਨਾਕ ਟਿੱਪਣੀਆਂ ਨਾਲ ਅਕਾਲੀਆਂ ਦੀਆਂ ਨਮੋਸ਼ੀਆਂ ਉਤੇ ਪਰਦਾ ਪਾਉਣਾ ਚਾਹੁੰਦਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤੀ ਟਿੱਪਣੀ ਕਿ ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਬਣਾਉਣ ਸੂਬਾਈ ਕਾਨੂੰਨ ਵਾਸਤੇ ਵਿਸ਼ੇਸ਼ ਇਜਲਾਸ ਸੱਦਣ ਲਈ ਉਸ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਹੈ, ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਖੁਦ ਹੀ ਸਪੱਸ਼ਟ ਤੌਰ ‘ਤੇ ਇਹ ਐਲਾਨ ਚੁੱਕੇ ਹਨ ਕਿ ਉਹ ਰਾਹ ਤਲਾਸ਼ ਰਹੇ ਹਨ ਤਾਂ ਸੁਝਾਅ ਨੂੰ ਪ੍ਰਵਾਨ ਨੂੰ ਰੱਦ ਜਾਂ ਪ੍ਰਵਾਨ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ, ”ਸੂਬਾ ਸਰਕਾਰ ਨੂੰ ਸੁਝਾਅ ਦੇਣ ਵਾਲਾ ਸੁਖਬੀਰ ਕੌਣ ਹੁੰਦਾ ਜਿਸ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਸਾਡੇ ਨਾਲ ਖੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਸਾਡੇ ਵੱਲੋਂ ਮਤੇ ਲਿਆਉਣ ਮੌਕੇ ਆਪਣੇ ਵਿਧਾਇਕਾਂ ਨੂੰ ਗੈਰ-ਹਾਜ਼ਰ ਰਹਿਣ ਲਈ ਆਖਿਆ ਸੀ?”ਮੁੱਖ ਮੰਤਰੀ ਨੇ ਸੁਖਬੀਰ ਬਾਦਲ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਸੂਬਾਈ ਕਾਨੂੰਨ ਲਿਆਉਣ ਲਈ ਸੂਬਾ ਸਰਕਾਰ ਵੱਲੋਂ ਜਾਣਬੁੱਝ ਕੇ ਦੇਰੀ ਕੀਤੇ ਜਾਣ ਦੇ ਲਾਏ ਦੋਸ਼ਾਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਨਾਤੇ, ਜੋ ਹਮੇਸ਼ਾ ਹੀ ਕਿਸਾਨਾਂ ਦੇ ਹੱਕਾਂ ਲਈ ਖੜ੍ਹਦਾ ਰਿਹਾ ਹੈ, ਉਹ ਉਹੀ ਕਰ ਰਹੇ ਹਨ ਜੋ ਕਿਸਾਨ ਭਾਈਚਾਰੇ ਦੇ ਹਿੱਤ ਵਿੱਚ ਬਿਹਤਰ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਕਿਸ ‘ਤੇ ਭਰੋਸਾ ਕਰਨਾ ਹੈ ਅਤੇ ਕਿਸ ਉਪਰ ਨਹੀਂ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਕਾਹਲੀ ਵਿੱਚ ਅਜਿਹਾ ਕੋਈ ਵੀ ਕਦਮ ਨਾ ਚੁੱਕਿਆ ਜਾਵੇ ਜੋ ਉਲਟਾ ਕਿਸਾਨਾਂ ਦੇ ਖਿਲਾਫ਼ ਭੁਗਤ ਸਕਦਾ ਹੈ ਸਗੋਂ ਅਜਿਹੇ ਠੋਸ ਰਾਹ ਲੱਭੇ ਜਾਣਗੇ ਜੋ ਇਨ੍ਹਾਂ ਕੇਂਦਰ ਦੇ ਘਾਤਕ ਕਾਨੂੰਨਾਂ ਦਾ ਟਾਕਰਾ ਕਰਨ ਲਈ ਕਾਨੂੰਨੀ ਨਜ਼ਰੀਏ ਦੀ ਕਸੌਟੀ ‘ਤੇ ਖਰੇ ਉਤਰਦੇ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਆਸ ਨਹੀਂ ਕਿ ਸੁਖਬੀਰ ਇਸ ਨੂੰ ਸਮਝ ਜਾਂ ਮੁਲਾਂਕਣ ਕਰ ਸਕਦਾ ਹੈ ਕਿਉਂਕਿ ਬਾਦਲ ਕਦੇ ਵੀ ਪੰਜਾਬ ਦੇ ਲੋਕਾਂ ਦੇ ਕਿਸੇ ਤਬਕੇ ਦੇ ਹਿੱਤਾਂ ਵਿੱਚ ਕੋਈ ਭਲੇ ਦਾ ਕੰਮ ਕਰਨ ਦਾ ਵਿਸ਼ਵਾਸ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ 10 ਸਾਲਾਂ ਦੇ ਸਾਸ਼ਨਕਾਲ ਦੌਰਾਨ ਭਾਜਪਾ ਨਾਲ ਰਲ ਕੇ ਸੂਬੇ ਦੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਅਤੇ ਹੁਣ ਵੀ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਖੇਤੀ ਸੈਕਟਰ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ।ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਿਹੜਾ ਵਿਅਕਤੀ ਕਦੇ ਆਪਣੇ ਸੂਬੇ ਦੇ ਲੋਕਾਂ ਦਾ ਵਫ਼ਾਦਾਰ ਨਾ ਰਿਹਾ ਹੋਵੇ ਤੇ ਤੇ ਹੁਣ ਉਹੀ ਵਿਅਕਤੀ (ਸੁਖਬੀਰ ਬਾਦਲ) ਵਫ਼ਾਦਾਰੀ ਦੀ ਗੱਲ ਕਰੇ ਤਾਂ ਉਸ ਨੂੰ ਮਜ਼ਾਕ ਤੋਂ ਵੱਧ ਹੋਰ ਕੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਦੋਗਲੇਪਨ ਦਾ ਲੋਕਾਂ ਸਾਹਮਣੇ ਕਈ ਵਾਰ ਪਰਦਾਫਾਸ਼ ਹੋ ਚੁੱਕਾ ਹੈ ਜਿਸ ਕਰਕੇ ਲੋਕ ਉਨ੍ਹਾਂ ਦੇ ਖੋਖਲੇ ਦਾਅਵਿਆਂ ਤੋਂ ਚੰਗੀ ਤਰ੍ਹਾਂ ਵਾਕਿਫ ਹਨ।