ਸਰੀ – ਕੈਨੇਡਾ ਨੇ ਮਹਾਂਮਾਰੀ ਦੇ ਸੰਕਟ ਦਾ ਟਾਕਰਾ ਕਰਨ ਲਈ ਭਾਰਤ ਨੂੰ 10 ਮਿਲੀਅਨ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਰਾਸ਼ੀ ਕੈਨੇਡੀਅਨ ਰੈਡ ਕਰਾਸ ਰਾਹੀਂ ਭਾਰਤੀ ਰੈਡ ਕਰਾਸ ਨੂੰ ਭੇਜੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਭਾਰਤ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੋਵਿਡ-19 ਦੇ ਵਧ ਰਹੇ ਕਹਿਰ ਕਾਰਨ ਉਥੇ ਹਾਲਾਤ ਬੇਹੱਦ ਨਿਰਾਸ਼ਾਜਨਕ ਬਣ ਰਹੇ ਹਨ ਅਤੇ ਭਾਰਤ ਦੀ ਅਜਿਹੀ ਸਥਿਤੀ ਬਾਰੇ ਕੈਨੇਡਾ ਦੇ ਲੋਕ ਵੀ ਚਿੰਤਤ ਹਨ। ਉਨ੍ਹਾਂ ਇਸ ਮੁਸੀਬਤ ਦੀ ਇਸ ਘੜੀ ਵਿਚ ਕੈਨੇਡਾ ਵੱਲੋਂ ਭਾਰਤ ਦੀ ਸੰਭਵ ਮਦਦ ਕਰਨ ਦੀ ਗੱਲ ਕਹੀ।ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਦੁਨੀਆਂ ਵਿਚ ਇਸ ਮਹਾਂਮਾਰੀ ਦਾ ਟਾਕਰਾ ਕਰਨ ਲਈ ਕਿਸੇ ਨੂੰ ਵੀ ਮਦਦ ਲੋੜ ਪੈਂਦੀ ਹੈ ਤਾਂ ਉਸ ਦੀ ਮਦਦ ਲਈ ਸਾਨੂੰ ਸਭ ਨੂੰ ਤਿਆਰ ਰਹਿਣਾ ਚਾਹੀਦਾ ਹੈ। ਆਪਸੀ ਮੇਲਜੋਲ ਨਾਲ ਅਸੀਂ ਮਹਾਂਮਾਰੀ ਤੋਂ ਰਾਹਤ ਹਾਸਲ ਕਰ ਸਕਦੇ ਹਾਂ।