ਇੰਦੌਰ, 30 ਜੂਨ -ਕੋਰੋਨਾ ਵਾਇਰਸ ਦੇ ਕਹਿਰ ਕਾਰਨ ਯੂਕ੍ਰੇਨ ਵਿੱਚ ਲੰਬੇ ਸਮੇਂ ਤੋਂ ਫਸੇ 144 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇਕ ਵਿਸ਼ੇਸ਼ ਜਹਾਜ਼ ਦੇਸ਼ ਪਰਤਿਆ| ਜਹਾਜ਼ ਇੰਦੌਰ ਦੇ ਦੇਵੀ ਅਹਿਲਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ਤੇ ਉਤਰਿਆ| ਸਥਾਨਕ ਹਵਾਈ ਅੱਡੇ ਦੀ ਡਾਇਰੈਕਟਰ ਅਰਯਮਾ ਸਾਨਯਾਲ ਨੇ ਦੱਸਿਆ ਕਿ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਯੂਕ੍ਰੇਨ ਦੇ ਬੋਰੀਸਿਪਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰ ਕੇ ਦਿੱਲੀ ਹੁੰਦੇ ਹੋਏ ਸਵੇਰੇ 5 ਵਜ ਕੇ 16 ਮਿੰਟ ਤੇ ਇੰਦੌਰ ਪੁੱਜਾ| ਅਧਿਕਾਰੀਆਂ ਨੇ ਦੱਸਿਆ ਕਿ ਯੂਕ੍ਰੇਨ ਵਿੱਚ ਫਸੇ 144 ਭਾਰਤੀ ਵਿਦਿਆਰਥੀਆਂ ਦੀ ਇਸ ਫਲਾਈਟ ਜ਼ਰੀਏ ਵਤਨ ਵਾਪਸੀ ਹੋਈ|
ਸਥਾਨਕ ਹਵਾਈ ਅੱਡੇ ਤੇ ਇਨ੍ਹਾਂ ਯਾਤਰੀਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਨੂੰ ਰੋਗ ਮੁਕਤ ਕੀਤਾ ਗਿਆ| ਇਸ ਦਰਮਿਆਨ ਸਿਹਤ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੇ ਇਸ ਸਮੂਹ ਵਿਚ ਜ਼ਿਆਦਾਤਰ ਵਿਦਿਆਰਥੀ ਮੱਧ ਪ੍ਰਦੇਸ਼ ਦੇ ਹਨ| ਇਨ੍ਹਾਂ ਵਿਚੋਂ ਛੱਤੀਸਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਕੁਝ ਵਿਦਿਆਰਥੀ ਵੀ ਸ਼ਾਮਲ ਹਨ| ਦੇਸ਼ ਪਰਤੇ ਯਾਤਰੀਆਂ ਵਿੱਚ ਇੰਦੌਰ ਦੇ 29 ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਹਿਰ ਦੇ ਇਕ ਕੁਆਰੰਟੀਨ ਕੇਂਦਰ ਵਿਚ 7 ਦਿਨ ਲਈ ਭੇਜਿਆ ਗਿਆ ਹੈ| ਹੋਰ ਥਾਵਾਂ ਦੇ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ| ਜਿਕਰਯੋਗ ਹੈ ਕਿ ਦੁਨੀਆ ਭਰ ਦੇ ਤਮਾਮ ਦੇਸ਼ਾਂ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਵੱਡੀ ਗਿਣਤੀ ਵਿੱਚ ਭਾਰਤੀ ਵਿਦੇਸ਼ਾਂ ਵਿੱਚ ਫਸੇ ਹੋਏ ਹਨ| ਇਨ੍ਹਾਂ ਭਾਰਤੀਆਂ ਦੀ ਵਾਪਸੀ ਲਈ ਭਾਰਤ ਸਰਕਾਰ ਵਲੋਂ ‘ਵੰਦੇ ਭਾਰਤ ਮਿਸ਼ਨ’ ਅਤੇ ‘ਆਪਰੇਸ਼ਨ ਸਮੁੰਦਰ ਸੇਤੂ’ ਚਲਾਇਆ ਗਿਆ| ਜਿਸ ਜ਼ਰੀਏ ਡੇਢ ਲੱਖ ਦੇ ਕਰੀਬ ਭਾਰਤੀਆਂ ਦੀ ਵਤਨ ਵਾਪਸੀ ਹੋ ਸਕੀ ਹੈ| ਹੁਣੇ ਵੀ ਕੁਝ ਥਾਵਾਂ ਅਜਿਹੀਆਂ ਹਨ, ਜਿੱਥੇ ਭਾਰਤੀ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਵਿਸ਼ੇਸ਼ ਜਹਾਜ਼ ਰਾਹੀਂ ਵਤਨ ਵਾਪਸੀ ਹੋ ਰਹੀ ਹੈ|