ਬਠਿੰਡਾ, 20 ਸਤੰਬਰ 2020 – ਪੰਜਾਬ ਦੇ ਸਹਿਕਾਰੀ ਮੁਲਾਜ਼ਮਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਏ ਮੋਰਚੇ ’ਚ ਸ਼ਿਰਕਤ ਕਰਕੇ ਸੰਘਰਸ਼ ਨੂੰ ਨਵਾਂ ਝੋਕਾ ਲਾ ਦਿੱਤਾ ਹੈ। ਮੁਲਾਜ਼ਮਾਂ ਦਾ ਤਰਕ ਹੈ ਕਿ ਜਦੋਂ ਕਿਸਾਨੀ ਹੀ ਨਹੀਂ ਰਹੇਗੀ ਤਾਂ ਉਨ੍ਹਾਂ ਦੇ ਕੰਮ ਧੰਦੇ ਵੀ ਬੇਮਾਇਨੇ ਹੋ ਕੇ ਰਹਿ ਜਾਣਗੇ। ਪੰਜਾਬ ਰਾਜ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਡਵੀਜਨ ਫਿਰੋਜ਼ਪੁਰ ਨਾਲ ਸਬੰਧਤ ਜ਼ਿਲ੍ਹਿਆਂ ਦੇ ਆਗੂਆਂ ਨੇ ਅੱਜ ਬਾਦਲ ਮੋਰਚੇ ’ਚ ਸ਼ਿਰਕਤ ਕੀਤੀ ਅਤੇ ਸੰਘਰਸ਼ ਨੂੰ ਭਰਾਤਰੀ ਮੋਢਾ ਦਿੱਤਾ। ਸਹਿਕਾਰੀ ਆਗੂਆਂ ਨੇ ਡੰਕੇ ਦੀ ਚੋਟ ਤੇ ਐਲਾਨ ਕੀਤਾ ਕਿ ਉਹ ਖੇਤੀ ਤੇ ਆਏ ਤਾਜਾ ਸੰਕਟ ਦੌਰਾਨ ਕਿਸਾਨ ਧਿਰਾਂ ਦੀਆਂ ਬਾਹਾਂ ਬਣਕੇ ਲੜਾਈ ਲੜਨਗੇ। ਯੂਨੀਅਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਲਾਏ ਪੱਕੇ ਮੋਰਚੇ ਨੂੰ ਲੈਕੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ ।ਐਤਕੀਂ ਦੇ ਮੋਰਚੇ ਦਾ ਨਿਵੇਕਲਾ ਪਹਿਲੂ ਇਹ ਹੈ ਕਿ ਯੂਨੀਅਨ ਇਸ ਲੋਕ ਘੋਲ ‘ਚ ਵੱਡੀ ਗਿਣਤੀ ‘ਮੁਲਾਜ਼ਮਾਂ’ ਨੂੰ ਉਤਾਰਨ ਦਾ ਪੈਂਤੜਾ ਲੈਣ ਦੀ ਯੋਜਨਾ ਬਣਾ ਰਹੀ ਹੈ ।
ਜੱਥੇਬੰਦੀ ਦੇ ਡਵੀਜਨ ਫਿਰੋਜਪੁਰ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਨੇ ਜੱਥੇ ਦੀ ਅਗਵਾਈ ਕੀਤੀ ਅਤੇ ਸਹਿਕਾਰੀ ਮੁਲਾਜ਼ਮਾਂ ਨੂੰ ਪੂਰੀ ਤਨਦੇਹੀ ਨਾਲ ਮੋਰਚੇ ਦੀ ਸਫਲਤਾ ਲਈ ਡਟਣ ਦਾ ਸੱਦਾ ਵੀ ਦਿੱਤਾ। ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਹੁਣ ਜਦੋਂ ਸਮੂਹ ਕਿਸਾਨ ਧਿਰਾਂ ਨੇ ਸਾਂਝਾ ਪ੍ਰੋਗਰਾਮ ਉਲੀਕਿਆ ਹੈ ਤਾਂ ਮੋਦੀ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਬਨਾਉਣ ਦੇ ਮੁੱਦੇ ਤੇ ਸ਼ੁਰੂ ਹੋਏ ਇਸ ਲੋਕ ਸੰਘਰਸ਼ ਦੀ ਕਾਮਯਾਬੀ ਲਈ ਉਨ੍ਹਾਂ ਨੇ ਵੀ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਬਰਾਬਰ ਖੜਨ ਦਾ ਫੈਸਲਾ ਲਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਮੁਲਕ ’ਚ ਬਣਨ ਜਾ ਰਹੇ ਵਿਸਫੋਟਕ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ਖੇਤੀ ਨਾਲ ਸਬੰਧਤ ਨਵੇਂ ਕਾਨੂੰਨ ਰੱਦ ਕਰੇ ਕਿਉਂਕਿ ਇਸੇ ’ਚ ਹੀ ਸਭ ਵਰਗਾਂ ਦੀ ਭਲਾਈ ਹੈ। ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਲੋੜ ਪੈਣ ਤੇ ਸੰਘਰਸ਼ ਦਾ ਦਾਇਰਾ ਮੋਕਲਾ ਕੀਤਾ ਜਾਏਗਾ ਜਿਸੋ ’ਚ ਪ੍ਰੀਵਾਰਾਂ ਸਮੇਤ ਸੜਕਾਂ ਤੇ ਉੱਤਰਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਵੇਂ ਕਾਨੂੰਨ ਲਾਗੂ ਹੋ ਗਏ ਤਾਂ ਨਾਂ ਕਵਲ ਕਿਸਾਨੀ ਅਰਥਚਾਰਾ ਬਲਕਿ ਅਜਾਦੀ ਪ੍ਰਾਪਤੀ ਤੋਂ ਬਾਅਦ ਖੂਨ ਪਸੀਨੇ ਨਾਲ ਸਿੰਜ ਕੇ ਖੜੇ ਕੀਤੇ ਕਾਰੋਬਾਰ ਤਬਾਹ ਹੋ ਜਾਣਗੇ। ਉਨ੍ਹਾਂ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਵੇਲਾ ਵਿਚਾਰੇ ਜਿਸ ਦੀ ਅਜੋਕੇ ਸੰਕਟ ਦੌਰਾਨ ਵੱਡੀ ਲੋੜ ਮਹਿਸੂਸ ਕੀਤੀ ਹੈ। ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬ ’ਚ ਹਜਾਰਾਂ ਕਿਸਾਨ ਪਹਿਲਾਂ ਹੀ ਖੇਤੀ ਅਰਥਚਾਰੇ ਦੇ ਸੰਕਟ ਦੀ ਭੇਟ ਚੜ ਗਏ ਹਨ। ਉਨ੍ਹਾਂ ਕਿਹਾ ਕਿ ਜੇ ਇੰਨਾਂ ਕਾਨੂੰਨਾਂ ਨੂੰ ਅਮਲੀ ਰੂਪ ਦਿੱਤਾ ਤਾਂ ਇਕੱਲੇ ਕਿਸਾਨਾਂ ’ਚ ਹੀ ਨਹੀਂ ਸਗੋਂ ਮਜਦੂਰਾਂ,ਕਿਰਤੀਆਂ,ਦੁਕਾਨਦਾਰਾਂ ਅਤੇ ਹੋਰ ਵਰਗਾਂ ’ਚ ਵੀ ਖੁਦਕਸ਼ੀਆਂ ਵਰਗਾ ਮੰਦਭਾਗਾ ਵਰਤਾਰਾ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਜੱਥੇਬੰਦੀ ਤਰਫੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਨੂੰ ਕਾਲੇ ਤੇ ਲੋਕ ਮਾਰੂ ਕਾਨੂੰਨ ਕਰਾਰ ਦਿੰਦਿਆਂ ਇੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਮੋਢੇ ਨਾਲ ਮੋਢਾ ਜੋੜਕੇ ਲੜਾਂਗੇ ਲੜਾਈ:ਕੋਟਸ਼ਮੀਰ
ਪੰਜਾਬ ਰਾਜ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਡਵੀਜਨ ਫਿਰੋਜ਼ਪੁਰ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਦਾ ਕਹਿਣਾ ਸੀ ਕਿ ਹੁਣ ਮੋਦੀ ਸਰਕਾਰ ਨੇ ਦੇਖਣਾ ਹੈ ਕਿ ਦੇਸ਼ ’ਚ ਪੈਦਾ ਹੋਏ ਇਸ ਨਵੇਂ ਸੰਕਟ ਨੂੰ ਹੱਲ ਕਰਦੀ ਹੈ ਜਾਂ ਫਿਰ ਜਬਰ ਦੇ ਰਾਹ ਪੈਂਦੀ ਹੈ। ਉਨ੍ਹਾਂ ਆਖਿਆ ਕਿ ਸਹਿਕਾਰੀ ਮੁਲਾਜਮ ਵੀ ਕਿਸਾਨਾਂ ਦੇ ਨਾਲ ਆਰ ਪਾਰ ਦੀ ਲੜਾਈ ਲੜਨਗੇ। ਉਨ੍ਹਾਂ ਆਖਿਆ ਕਿ ਗਰੀਬ ਤਬਕਾ ਤਾਂ ਪਹਿਲਾਂ ਹੀ ਕਾਫੀ ਅਲਾਮਤਾਂ ਨਾਲ ਜੂਝ ਰਿਹਾ ਹੈ ਪਰ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਪਿੱਛੋਂ ਤਾਂ ਸਰਦੇ ਪੁੱਜਦੇ ਘਰਾਂ ’ਚ ਭੰਗ ਭੁੱਜਣ ਦਾ ਖਤਰਾ ਹੈ।
ਸੰਘਰਸ਼ ਜਾਰੀ ਰੱਖਣ ਦਾ ਅਹਿਦ
ਅੱਜ ਜਿੰਨ੍ਹਾਂ ਹੋਰ ਆਗੂਆਂ ਨੇ ਬਾਦਲ ਮੋਰਚੇ ’ਚ ਪੁੱਜ ਕੇ ਲੜਾਈ ਲੜਨ ਦਾ ਵਿਸ਼ਵਾਸ਼ ਦਿਵਾਇਆ ਉਨ੍ਹਾਂ ’ਚ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਮਨਤਾਰ ਸਿੰਘ,ਮੋਗਾ ਦੇ ਗੁਰਮੀਤ ਸਿੰਘ,ਫਾਜ਼ਿਲਕਾ ਦੇ ਮਨਜਿੰਦਰ ਸਿੰਘ,ਬਿੱਕਰ ਸਿੰਘ ਸਾਬਕਾ ਪ੍ਰਧਾਨ ਬਠਿੰਡਾ, ਸੀਨੀਅਰ ਆਗੂ ਗੁਰਪਾਲ ਸਿੰਘ ਗਹਿਰੀ ਭਾਗੀ,ਸਰਕਲ ਬਠਿੰਡਾ ਦੇ ਪ੍ਰਧਾਨ ਬਲਜਿੰਦਰ ਸ਼ਰਮਾ ਅਤੇ ਸਰਕਲ ਫੂਲ ਦੇ ਬਲਕਰਨ ਸਿੰਘ ਸ਼ਾਮਲ ਹਨ। ਇੰਨਾਂ ਆਗੂਆਂ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਕਿ ਇਹ ਮਾਰੂ ਕਾਨੂੰਨ ਬਣਾਕੇ ਕਿਸਾਨਾਂ ਮਜਦੂਰਾਂ ਅਤੇ ਹੋਰ ਵਰਗਾਂ ਦੀ ਹਿੱਕ ਤੇ ਦੀਵਾ ਨਾਂ ਬਾਲੇ ਕਿਉਂਕਿ ਇਸ ਦੀ ਲਾਟ ਨੇ ਸਭ ਸਾੜ ਕੇ ਸੁਆਹ ਕਰ ਦੇਣਾ ਹੈ। ਯੂਨੀਅਨ ਆਗੂਆਂ ਨੇ ਰੋਹ ਭਰੀ ਨਾਅਰੇਬਾਜੀ ਕਰਕੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।