ਔਕਲੈਂਡ 19 ਸਤੰਬਰ 2020 – ਨਿਊਜ਼ੀਲੈਂਡ ਦੇ ਵਿਚ ਕਰੋਨਾ ਵਾਇਰਸ ਨੇ ਜਿੱਥੇ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰਦਿਆਂ ਆਪਣੇ-ਆਪਣੇ ਮੁਲਕਾਂ ਤੱਕ ਸੀਮਤ ਕਰ ਦਿੱਤਾ ਹੈ ਉਥੇ ਦੁਨੀਆ ਦੇ ਇਕ ਕੋਨੇ ਵਿਚ ਪਹਿਲਾਂ ਹੀ ਅਲੱਗ ਜਿਹੇ ਬੈਠੇ ਮੁਲਕ ਨਿਊਜ਼ੀਲੈਂਡ ਨੂੰ ਵੀ 20 ਮਾਰਚ ਨੂੰ ਆਪਣੇ ਅੰਤਰਰਾਸ਼ਟਰੀ ਹਵਾਈ ਅੱਡੇ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਸੀ। ਅੱਜ ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਕਮਰਸ਼ੀਅਲ ਫਲਾਈਟਾਂ ਲਈ ਬੰਦ ਹੋਏ ਪੂਰੇ 6 ਮਹੀਨੇ ਹੋ ਗਏ ਹਨ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ। ਹਮੇਸ਼ਾਂ ਹੀ ਰੌਣਕਾਂ ਭਰੇ ਰਹਿਣ ਵਾਲੇ ਔਕਲੈਂਡ ਦੇ ਅੰਤਰਰਾਸ਼ਟਰੀ ਹਵਾਈ ਦੀਆਂ ਰੌਣਕਾਂ ਉਡੀਆਂ ਹੋਈਆਂ ਹਨ, ਡਿਪਾਰਚਰ ਅਤੇ ਆਰੀਆਵਲ ਗੇਟ ਉਤੇ ਨਾ ਕੋਈ ਛੱਡਣ ਜਾ ਰਿਹਾ ਹੈ ਅਤੇ ਨਾ ਹੀ ਕੋਈ ਕਿਸੀ ਨੂੰ ਲੈਣ ਜਾ ਰਿਹਾ ਹੈ, ਪੂਰੀ ਤਰ੍ਹਾਂ ਸਨਾਟਾ ਛਾਇਆ ਹੋਇਆ ਹੈ। ਪਰ ਇਸਦੇ ਉਲਟ ਕਰੋਨਾ ਦੇ ਨਿਯੰਤਰਣ ਨੇ ਘਰੇਲੂ ਉਡਾਣਾਂ ਨੂੰ ਹੋਰ ਉਤਸ਼ਾਹਿਤ ਕਰ ਦਿੱਤਾ ਹੈ ਅਤੇ ਘਰੇਲੂ ਹਵਾਈ ਅੱਡੇ ਉਤੇ ਰੌਣਕਾਂ ਪਰਤਣ ਲੱਗੀਆਂ ਹਨ। ਸਥਾਨਕ ਏਅਰ ਲਾਈਨਾਂ ਸਸਤੇ ਭਾਅ ਟਿਕਟਾਂ ਦੀ ਵਿਕਰੀ ਕਰਕੇ ਕੁਝ ਨਾ ਕੁਝ ਖੱਟਣ ਦੇ ਵਿਚ ਲੱਗੀ ਹੋਈ ਹੈ।
7 ਘੰਟੇ ਦੀ ਫਲਾਈਟ ਜਾਣਾ ਕਿਤੇ ਨਹੀਂ: ਅਗਲੇ ਮਹੀਨੇ ਆਸਟਰੇਲੀਆ ਦੀ ਇਕ ਏਅਰਲਾਈਨ ਨੇ ਪੈਸੇ ਕਮਾਉਣ ਲਈ ਇਕ ਨਵੀਂ ਸਕੀਮ ਕੱਢੀ ਹੈ। ਅੰਤਰਰਾਸ਼ਟਰੀ ਹਵਾਈ ਉਡਾਣ ਦੇ ਲਈ ਵਰਤਿਆ ਜਾਣ ਵਾਲਾ ਵੱਡਾ ਜਹਾਜ਼ 7 ਘੰਟੇ ਲਈ ਆਕਾਸ਼ ਦੇ ਵਿਚ ਉਡੇਗਾ ਅਤੇ ਆਸਟਰੇਲੀਆ ਦੀ ਧਰਤੀ ਦੇ ਦਰਸ਼ਨ ਕਰਾਏਗਾ। ਸੀਨਕ ਫਲਾਈਟ ਦਾ ਇਸ ਨੂੰ ਨਾਂਅ ਦਿੱਤਾ ਗਿਆ ਹੈ। ਇਹ ਫਲਾਈਟ ਆਸਟਰੇਲੀਆ ਦੇ ਜਿਸ ਅੱਡੇ ਤੋਂ ਚੱਲੇਗੀ ਉਥੇ ਹੀ ਵਾਪਿਸ ਆ ਜਾਵੇਗੀ। ਟਿਕਟਾਂ ਵੀ ਐਨੀਆ ਸਸਤੀਆਂ ਨਹੀਂ ਪਰ ਫਿਰ ਵੀ 10 ਮਿੰਟਾਂ ਦੇ ਵਿਚ ਇਸ ਜਹਾਜ਼ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਜੋ ਕਿ ਹੁਣ ਤੱਕ ਦਾ ਏਅਰ ਲਾਈਨ ਦਾ ਰਿਕਾਰਡ ਹੈ। ਇਹ ਫਲਾਈਟ 10 ਅਕਤੂਬਰ ਨੂੰ ਉਡੇਗੀ।