ਨਵੀਂ ਦਿੱਲੀ, 19 ਸਤੰਬਰ 2020 – ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਬਾਦਲ ਦਲ ਵੱਲੋਂ ਵੱਟੇ ਪਾਸੇ ਨੂੰ ਲੈ ਕੇ ਅੱਜ ਦਿੱਲੀ ਸਿੱਖ ਗੁ. ਪ੍ਰਬੰਧਕ ਕਮੇਟੀ ਦੁਆਰਾ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਆਰਡੀਨੈਂਸ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਉਨ੍ਹਾਂ ਵਲੋਂ ਕੇਂਦਰ ਸਰਕਾਰ ਨਾਲ ਕੋਈ ਗੱਲ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਹੈ ਅਤੇ ਉਹ ਸਭ ਤੋਂ ਅੱਗੇ ਹੋ ਕੇ ਕਿਸਾਨਾਂ ਨਾਲ ਸੰਘਰਸ਼ ਕਰਨਗੇ। ”ਅਸੀਂ ਪੰਜਾਬ ਜਾਵਾਂਗੇ, ਜਿੱਥੇ ਪਾਰਟੀ ਦੀ ਲੀਡਰਸ਼ਿਪ ਦੀ ਬੈਠਕ ਹੋਵੇਗੀ, ਅਸੀਂ ਸਾਰਿਆਂ ਨਾਲ ਗੱਲ ਕਰਾਂਗੇ। ਪੰਜਾਬ ਦੇ ਕਿਸਾਨ 3 ਆਰਡੀਨੈਂਸਾਂ ਦੇ ਵਿਰੋਧ ‘ਚ ਸੜਕਾਂ ‘ਤੇ ਹਨ, ਸ਼੍ਰੋਮਣੀ ਅਕਾਲੀ ਦਲ ਕਿਉਂਕਿ ਕਿਸਾਨਾਂ ਦੀ ਪਾਰਟੀ ਹੈ, ਇਸ ਲਈ ਅਸੀਂ ਸਭ ਤੋਂ ਅੱਗੇ ਹੋ ਕੇ ਸੰਘਰਸ਼ ਕਰਾਂਗੇ।”
ਇਨ੍ਹਾਂ ਬਿਲਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲ ਕਰਨ ਨੂੰ ਲੈ ਕੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ, ”ਜਦੋਂ ਤੱਕ ਇਹ (ਆਰਡੀਨੈਂਸ) ਰੱਦ ਨਹੀਂ ਹੁੰਦੇ, ਕੋਈ ਗੱਲ ਨਹੀਂ ਹੋ ਸਕਦੀ।”