ਬਠਿੰਡਾ,17 ਸਤੰਬਰ, 2020 : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਿਲਾ ਬਾਰ ਐਸੋਸੀਏਸ਼ਨ ਦੀ ਚੋਣ ਤੇ ਰੋਕ ਲਗਾ ਦਿੱਤੀ ਹੈ ਜਿਸ ਨਾਲ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੇ ਚਿਹਰਿਆਂ ‘ਤੇ ਮਾਯੂਸੀ ਛਾ ਗਈ ਹੈ। ਇਹਨਾਂ ਚੋਣਾਂ ਲਈ 30 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਆਨਲਾਈਨ ਵੋਟਿੰਗ ਕਰਵਾਈ ਜਾਣੀ ਸੀ। ਕੋਵਿਡ-19 ਕਾਰਨ ਬਣੀ ਸਥਿਤੀ ਨੂੰ ਦੇਖਦਿਆਂ ਇਹ ਚੋਣ ਰਿਵਾਇਤੀ ਬੈਲਟ ਪੇਪਰ ਦੀ ਥਾਂ ਆਨਲਾਈਨ ਕਰਵਾਉਣ ਦੀ ਯੋਜਨਾ ਉਲੀਕੀ ਗਈ ਸੀ, ਜਿਸ ‘ਤੇ ਵਕੀਲ ਇਤਰਾਜ਼ ਕਰ ਰਹੇ ਸਨ। ਉਂਝ ਇਨਾਂ ਚੋਣਾਂ ਲਈ ਵਕੀਲ ਕਾਫੀ ਉਤਸ਼ਾਹਿਤ ਸਨ ਜਿਸ ਕਰਕੇ ਮੰਗਲਵਾਰ ਸ਼ਾਮ ਤੱਕ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਬੰਸੀ ਲਾਲ ਸਚਦੇਵਾ, ਜਤਿੰਦਰ ਰਾਏ ਖੱਟੜ, ਲਕਿੰਦਰਦੀਪ ਸਿੰਘ,ਰਜਿੰਦਰ ਭੁੱਕਲ ਅਤੇ ਸੁਖਵੀਰ ਸਿੰਘ ਢਿੱਲੋਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। ਮੀਤ ਪ੍ਰਧਾਨ ਦੇ ਅਹੁਦੇ ਲਈ ਐਡਵੋਕਟ ਬਬੀਤਾ ਗੁਪਤਾ ਅਤੇ ਗੁਰਪ੍ਰੀਤ ਸਿੰਘ ਬਰਾੜ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ।
ਇਸੇ ਤਰਾਂ ਹੀ ਸਕੱਤਰ ਲਈ ਐਡਵੋਕੇਟ ਬਾਬੂ ਸਿੰਘ ਮਾਨ, ਹਨੀਸ਼ ਬਾਂਸਲ, ਜਸਵਿੰਦਰ ਸਿੰਘ ਤੁੰਗਵਾਲੀ, ਰਾਜਿੰਦਰ ਸਿੰਘ ਸੁਖਾਲੱਧੀ ਅਤੇ ਸ਼ਮਿੰਦਰ ਸਿੰਘ ਸੰਧੂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ ਜਦੋਂਕਿ ਜੁਆਇੰਟ ਸੈਕਟਰੀ ਲਈ ਐਡਵੋਕੇਟ ਬਲਕਰਨ ਸਿੰਘ ਘੁੰਮਣ ਤੇ ਗੌਰਵ ਗੁਪਤਾ ਅਤੇ ਖਜਾਨਚੀ ਦੇ ਅਹੁਦੇ ਲਈ ਦਵਿੰਦਰ ਕੌਰ ਅਤੇ ਲੱਕੀ ਜਿੰਦਲ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ। ਵੀਰਵਾਰ ਸ਼ਾਮ ਤੱਕ ਨਾਮਜਦਗੀ ਪਰਚਿਆਂ ਦੀ ਪੜਤਾਲ ਤੋਂ ਬਾਅਦ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕੀਤੀ ਜਾਣਾ ਸੀ। ਵੱਡੀ ਗਿਣਤੀ ’ਚ ਨਾਮਜਦਗੀ ਪਰਚੇ ਦਾਖਲ ਕਰਨ ਤੋਂ ਪਤਾ ਲੱਗਦਾ ਹੈ ਕਿ ਵਕੀਲਾਂ ’ਚ ਬਾਰ ਚੋਣਾਂ ਲਈ ਪ੍ਰਚਾਰ ਦੀ ਜੰਗ ਸ਼ੁਰੂ ਹੋਣੀ ਸੀ।
ਵਕੀਲਾਂ ਦੀ ਪਟੀਸ਼ਨ ‘ਤੇ ਦਿੱਤੇ ਹਾਈਕੋਰਟ ਨੇ ਹੁਕਮ
ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਦਾ ਕਹਿਣਾ ਸੀ ਕਿ ਅਸਲ ’ਚ ਕਈ ਥਾਵਾਂ ਤੇ ਵਕੀਲ ਬਾਰ ਕੌਂਸਲ ਵੱਲੋਂ ਆਨਲਾਈਨ ਵੋਟਿੰਗ ਕਰਵਾਉਣ ਦ ਖਿਲਾਫ ਸਨ ਜਿਸ ਬਾਰੇ ਹਾਈਕੋਰਟ ’ਚ ਵੀ ਪਟੀਸ਼ਨ ਦਰਜ ਕਰਕੇ ਇਤਰਾਜ ਦਰਜ ਕਰਵਾਇਆ ਸੀ। ਉਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਅਗਲੇ ਹੁਕਮਾਂ ਤੱਕ ਜਿਲਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਤੇ ਰੋਕ ਲਗਾ ਦਿੱਤੀ ਹੈ। ਉਨਾਂ ਦੱਸਿਆ ਕਿ ਅਸਲ ’ਚ ਇੰਨਾਂ ਚੋਣਾਂ ਲਈ ਆਨਲਾਈਨ ਵੋਟਿੰਗ ਦਾ ਕੋਈ ਪ੍ਰਬੰਧ ਵੀ ਨਹੀਂ ਜਿਸ ਦਾ ਵੀ ਅਦਾਲਤ ਨੇ ਨੋਟਿਸ ਲਿਆ ਹੈ ਜਦੋਂਕਿ ਕੁੱਝ ਹੋਰ ਨੁਕਤੇ ਵੀ ਸਨ।