ਕੈਲੀਫੋਰਨੀਆ, 16 ਸਤੰਬਰ 2020- ਸੋਕੇ, ਗਰਮੀ ਅਤੇ ਖੁਸ਼ਕ ਮੌਸਮ ਦੇ ਚੱਲਦਿਆਂ ਅਮਰੀਕਾ ਦੀਆਂ ਤਕਰੀਬਨ 11 ਪੱਛਮੀ ਸਟੇਟਾਂ ਵਿੱਚ ਭਿਆਨਕ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਇਹਨਾਂ ਅੱਗਾਂ ਵਿੱਚ ਤਕਰੀਬਨ 6.7 ਮਿਲੀਅਨ ਏਕੜ ਜੰਗਲ ਸੜਕੇ ਸਵਾਹ ਹੋ ਗਿਆ ਅਤੇ ਤਕਰੀਬਨ 35 ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆ ਰਹੀਆ ਹਨ ਅਤੇ ਡੇਢ ਦਰਜਨ ਦੇ ਕਰੀਬ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸ ਭਿਆਨਕ ਅੱਗ ਵਿੱਚ ਸੈਂਕੜੇ ਘਰ, ਦਰਜਨਾਂ ਦੇ ਹਿਸਾਬ ਨਾਲ ਬਿਜਨਸ ਸੜਕੇ ਸਵਾਹ ਹੋ ਗਏ। ਇਕੱਲੇ ਕੈਲੀਫੋਰਨੀਆ ਵਿੱਚ ਤਕਰੀਬਨ ਸਾਢੇ ਤਿੰਨ ਮਿਲੀਅਨ ਏਕੜ ਜੰਗਲ ਸੜੇ ਹਨ ਅਤੇ ਦੋ ਦਰਜਨ ਦੇ ਕਰੀਬ ਲੋਕੀ ਮਾਰੇ ਗਏ ਹਨ। ਲੱਖਾਂ ਦੇ ਹਿਸਾਬ ਨਾਲ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਗਿਆ ਹੈ। ਦੂਸਰੀ ਸਟੇਟ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਹੈ ਔਰੇਗਨ, ਇੱਥੇ 960,000 ਏਕੜ ਜੰਗਲ ਸੜੇ ਦੱਸੇ ਜਾ ਰਹੇ ਹਨ ਤੇ ਦਰਜਨ ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਸੇ ਤਰਾਂ ਵਾਸਿੰਗਟਨ ਸਟੇਟ ਵਿੱਚ 640,000 ਏਕੜ ਜੰਗਲ ਸੜੇ ਹਨ ਅਤੇ ਇੱਥੇ ਵੀ ਕਈ ਮੌਤਾਂ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਕੈਲੀਫੋਰਨੀਆਂ ਵਿੱਚ ਤਕਰੀਬਨ 29 ਥਾਂਵਾਂ ਤੇ ਇਸ ਸਮੇਂ ਭਿਆਨਕ ਅੱਗ ਨਾਲ 15000 ਫ਼ਾਇਰ ਫਾਈਟਰ ਜੂਝ ਰਹੇ ਹਨ। ਬਹੁਤ ਸਾਰੀਆਂ ਥਾਂਵਾਂ ਤੇ ਬਿਜਲੀ ਗੁੱਲ ਹੈ। ਔਰੇਗਨ ਸਟੇਟ ਵਿੱਚ ਕਈ ਪਿੰਡ ਪੂਰੇ ਦੇ ਪੂਰੇ ਸੜ ਗਏ ਹਨ। ਔਰੇਗਨ ਸਟੇਟ ਵਿੱਚ ਇੱਕ ਗੋਰੇ ਸ਼ਕਸ਼ ਮਾਈਕਾਲ ਜਿਰਾਰਡ ਬਕੇਲਾ (41) ਨੂੰ ਪੁਲਿਸ ਨੇ ਜੰਗਲੀ ਅੱਗ ਸਟਾਰਟ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਹ ਕਥਿਤ ਦੋਸ਼ੀ ਡਰੱਗ ਵੇਚਣ ਮਾਮਲੇ ਵਿੱਚ ਜ਼ਮਾਨਤ ਤੇ ਬਾਹਰ ਸੀ। ਇਸੇ ਤਰੀਕੇ ਹੋਰ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਪੁਲਿਸ ਕਈ ਪਹਿਲੂਆਂ ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ। ਬਹੁਤ ਸਾਰੀਆਂ ਸਟੇਟਾ ਵਿੱਚ ਸਟੇਟ ਆਫ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਇਹਨਾਂ ਅੱਗਾ ਦੇ ਧੂੰਏਂ ਦਾ ਗ਼ੁਬਾਰ ਕੈਲੀਫੋਰਨੀਆ, ਔਰੇਗਨ, ਵਾਸਿੰਗਟਨ ਤੋਂ ਬਾਅਦ ਕਨੇਡਾ ਬੀਸੀ ਇਲਾਕੇ ਤੱਕ ਪਹੁੰਚ ਗਿਆ ਹੈ ਅਤੇ ਇਸ ਧੂੰਏਂ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਲੋਕ ਸ਼ਾਹ ਲੈਣ ਦੀ ਤਕਲੀਫ਼ ਤੋ ਪੀੜਤ ਹਨ ਅਤੇ ਲੋਕ ਆਪੋ ਆਪਣੇ ਤਰੀਕੇ ਨਾਲ ਪੀੜਤ ਲੋਕਾਂ ਲਈ ਫੰਡ ਇਕੱਤਰ ਕਰਕੇ ਦੁੱਖੀ ਲੋਕਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ। ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿੱਚ ਵੀ ਸਿੱਖ ਸੰਗਤ ਫ਼ਾਇਰ ਫਾਈਟਰਜ਼ ਲਈ ਫੰਡ ਅਤੇ ਲੋੜੀਂਦਾ ਸਮਾਨ ਇਕੱਤਰ ਕਰ ਰਹੀ ਹੈ। ਇਸ ਸਮੇਂ ਅਮਰੀਕਾ ਵਿੇਚ ਹਰਕੋਈ ਫ਼ਾਇਰ ਕਰਮੀਆਂ ਦੇ ਕੰਮ ਦੀ ਸਲਾਉਤਾ ਕਰ ਰਿਹਾ ਹੈ। ਆਸ ਕਰਦੇ ਹਾਂ ਕਿ ਫ਼ਾਇਰ ਫਾਇਟਰਜ਼ ਦੀ ਮਿਹਨਤ ਰੰਗ ਲਿਆਵੇਗੀ ਅਤੇ ਜਲਦ ਇਹਨਾਂ ਅੱਗਾਂ ਤੇ ਕਾਬੂ ਪਾਇਆ ਜਾ ਸਕੇਗਾ।