ਸਰੀ, 15 ਸਤੰਬਰ 2020 : ਬੀਤੀ ਰਾਤ ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਜੋੜਨ ਵਾਲੇ ਸਕਾਈਟ੍ਰੇਨ ਬਰਿੱਜ ਦੇ ਨੇੜੇ ਨਿਊ ਵੈਸਟਮਿਨਸਟਰ ਦੇ ਪੀਅਰ ਪਾਰਕ ਵਿਚ ਅੱਗ ਲੱਗਣ ਕਾਰਨ ਜਿੱਥੇ ਪਾਰਕ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਥੇ ਪਹਿਲਾਂ ਹੀ ਅਸਮਾਨੀਂ ਧੂੰਏਂ ਦੀ ਜ਼ਦ ਵਿਚ ਆਏ ਵੈਨਕੂਵਰ ਖੇਤਰ ਵਿਚਲਾ ਵਾਤਾਵਰਣ ਮਨੁੱਖੀ ਸਿਹਤ ਲਈ ਹੋਰ ਵੀ ਹਾਨੀਕਾਰਕ ਹੋ ਗਿਆ।
ਨਿਊ ਵੈਸਟਮਿਨਸਟਰ ਸਿਟੀ ਕੌਂਸਲ ਦੇ ਮੇਅਰ ਜੋਨਾਥਨ ਕੋਟੇ ਨੇ ਸੋਸ਼ਲ ਮੀਡੀਆ ‘ਤੇ ਇੱਕ ਸੁਨੇਹੇ ਵਿਚ ਇਸ ਅੱਗ ਕਾਰਨ ਬਣੀ ਸਥਿਤੀ ਨੂੰ ਵਿਨਾਸ਼ਕਾਰੀ ਦੱਸਦਿਆਂ ਕਿਹਾ ਹੈ ਕਿ ਪੀਅਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਹ ਪਾਰਕ ਸਾਲ 2009 ‘ਚ ਬਣਾਇਆ ਗਿਆ ਸੀ ਅਤੇ ਇਹ ਸਰੀ ‘ਤੇ ਨਿਊ ਵੈਸਟਮਿਨਸਟਰ ਨੂੰ ਜੋੜਨ ਵਾਲੇ ਸਕਾਈਟ੍ਰੇਨ ਸਟੇਸ਼ਨ ਦੇ ਬਿਲਕੁਲ ਕਰੀਬ ਹੈ।
ਅੱਗ ਲੱਗਣ ਦੀ ਘਟਨਾ ਐਤਵਾਰ ਰਾਤ ਨੂੰ 8 ਵਜੇ ਦੇ ਕਰੀਬ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ‘ਚ ਅੱਗ ਬੁਝਾਊ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਅੱਗ ਕਾਰਨ ਸਕਾਈਟ੍ਰੇਨ ਪੁਲ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਅੱਜ ਸਵੇਰੇ ਖੋਲ੍ਹ ਦਿੱਤਾ ਗਿਆ। ਅੱਗ ਬੁਝਾਊ ਅਮਲੇ ਦਾ ਕਹਿਣਾ ਹੈ ਕਿ ਪੀਅਰ ਦਾ ਪੁਰਾਣਾ ਹਿੱਸਾ ਨਸ਼ਟ ਹੋ ਗਿਆ ਹੈ।