ਐਸ.ਏ.ਐਸ.ਨਗਰ, 14 ਸਤੰਬਰ – ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਡ ਆਫਿਸਰਜ ਵੈਲਫੇਅਰ ਐਸੋਸੀਏਸ਼ਨ ਦੇ ਇੱਕ ਵਫਦ ਵਲੋਂ ਸ੍ਰ. ਰਣਜੀਤ ਸਿੰਘ ਮਾਨ ਦੀ ਅਗਵਾਈ ਹੇਠ ਬੋਰਡ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਮਿਲ ਕੇ ਆਪਣੀਆਂ ਮੰਗਾਂ ਤੋਂ ਜਾਣੂੰ ਕਰਵਾਇਆ ਗਿਆ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਦੱਸਿਆ ਕਿ ਇਸ ਮੌਕੇ ਬੋਰਡ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੀ ਤਰ੍ਹਾਂ ਬੋਰਡ ਦੇ ਪੈਨਸ਼ਨਰ ਦੀ ਪੈਨਸ਼ਨ ਮਹੀਨੇ ਦੇ ਆਖਰੀ ਦਿਨ ਮੁਲਾਜਮਾਂ ਦੇ ਖਾਤੇ ਵਿੱਚ ਪਾਈ ਜਾਵੇ, ਪੈਨਸ਼ਨਰਜ ਦਾ ਐਲ.ਟੀ.ਸੀ. ਸਮੇਂ ਸਿਰ ਦਿੱਤਾ ਜਾਵੇ, ਪੈਨਸ਼ਨਰਜ ਦੇ ਲੰਬੇ ਸਮੇਂ ਤੋਂ ਲੰਬਤ ਪਏ ਮੈਡੀਕਲ ਕਲੇਮ ਬਿੱਲਾਂ ਦਾ ਭੁਗਤਾਨ ਕਰਵਾਇਆ ਜਾਵੇ ਅਤੇ ਬੋਰਡ ਦੇ ਖਾਤੇ ਪੰਜਾਬ ਅਤੇ ਸਿੰਧ ਬੈਂਕ ਵਿੱਚ ਹਨ, ਇਸ ਲਈ ਬੈਂਕ ਵਲੋਂ ਬੋਰਡ ਦੇ ਖਾਤਾ ਧਾਰਕਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਸਰਚਾਰਜ ਨਾ ਲਿਆ ਜਾਵੇ| ਇਸਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਜਿਨ੍ਹਾਂ ਪੈਨਸ਼ਨਰਜ ਦੇ ਬੈਂਕ ਖਾਤੇ ਸਿੰਧ ਬੈਂਕ ਵਿੱਚ ਨਹੀਂ ਹਨ, ਉਹਨਾਂ ਦੀ ਪੈਂਨਸ਼ਨ ਵੀ ਬਾਕੀਆਂ ਵਾਂਗ ਸਮੇਂ ਸਿਰ ਪਾਈ ਜਾਵੇ|
ਇਸ ਤੇ ਬੋਰਡ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣ ਕੇ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਕਨਵੀਨਰ ਗੁਰਦੀਪ ਸਿੰਘ ਢਿੱਲੋਂ, ਜਨਰਲ ਸਕੱਤਰ ਹਰਬੰਸ ਸਿੰਘ ਅਤੇ ਵਰਿੰਦਰ ਕੁਮਾਰ ਸ਼ਾਮਿਲ ਸਨ|