ਠਾਣੇ, 11 ਸਤੰਬਰ – ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਦੇ ਮਾਮਲੇ ਵਧਣ ਦੀ ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਹਸਪਤਾਲਾਂ ਨੂੰ 80 ਫੀਸਦੀ ਅਤੇ ਉਦਯੋਗ ਨੂੰ 20 ਫੀਸਦੀ ਆਕਸੀਜਨ ਸਿਲੰਡਰ ਦੇਣ ਦਾ ਫੈਸਲਾ ਕੀਤਾ ਹੈ| ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬੇ ਵਿੱਚ ਸ਼ੁਰੂਆਤ ਵਿੱਚ ਇਨਫੈਕਸ਼ਨ ਦੀ ਜਾਂਚ ਲਈ ਕੁਝ ਹੀ ਪ੍ਰਯੋਗਸ਼ਾਲਾਵਾਂ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 550 ਹੋ ਗਈ ਹੈ| ਠਾਕਰੇ ਨੇ ਨਵੀਂ ਮੁੰਬਈ ਵਿੱਚ ਇਕ ਪ੍ਰਯੋਗਸ਼ਾਲਾ ਅਤੇ 6 ਕੋਵਿਡ ਦੇਖਭਾਲ ਕੇਂਦਰਾਂ ਦੇ ਉਦਘਾਟਨ ਦੌਰਾਨ ਇਹ ਗੱਲ ਕਹੀ|
ਉਨ੍ਹਾਂ ਵਲੋਂ ਜਾਰੀ ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ,”ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਦੇ ਮਾਮਲੇ ਵਧਣ ਦੀ ਵਿਸ਼ਵ ਸਿਹਤ ਦੀ ਚੇਤਾਵਨੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਹਸਪਤਾਲਾਂ ਨੂੰ 80 ਫੀਸਦੀ ਅਤੇ ਉਦਯੋਗਾਂ ਨੂੰ 20 ਫੀਸਦੀ ਆਕਸੀਜਨ ਸਿਲੰਡਰ ਦੇਣ ਦਾ ਫੈਸਲਾ ਕੀਤਾ ਹੈ|” ਉਨ੍ਹਾਂ ਨੇ ਨਾਲ ਹੀ ਕਿਹਾ ਕਿ ਸੂਬਾ ਸਰਕਾਰ ਮਹਾਮਾਰੀ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿੱਚ ਸਿਹਤ ਕੇਂਦਰਾਂ ਦੀ ਸਥਾਪਨਾ ਕਰ ਰਹੀ ਹੈ| ਠਾਕਰੇ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਉਣ, ਹੱਥ ਧੋਣ ਵਰਗੇ ਚੌਕਸੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਵੀ ਅਪੀਲ ਕੀਤੀ|