ਔਕਲੈਂਡ 10 ਸਤੰਬਰ 2020 – ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਇਥੇ ਅੱਜ ਸਵੇਰੇ ਵੱਡੀ ਦੁਖਦਾਈ ਖਬਰ ਆਈ ਜਦੋਂ ਇਕ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ (ਗਗਨ) ਅੱਜ ਇਸ ਫਾਨੀ ਦੁਨੀਆ ਤੋਂ ਸਦਾ ਲਈ ਕੂਚ ਕਰ ਗਿਆ। ਉਸਦੀ ਮੌਤ ਅਜੇ ਭੇਦਭਰੀ ਬਣੀ ਹੋਈ ਹੈ ਅਤੇ ਪੁਲਿਸ ਇਸ ਦੇ ਵਿਚ ਪਰਿਵਾਰ ਦਾ ਸਹਿਯੋਗ ਕਰ ਰਹੀ ਹੈ। ਇਹ ਨੌਜਵਾਨ ਜਿੱਥੇ ਬਹੁਤ ਵਧੀਆ ਕਬੱਡੀ ਖਿਡਾਰੀ ਸੀ ਉਥੇ ਰੈਸਲਿੰਗ (65 ਕਿਲੋ ਵਰਗ) ਦਾ ਗੋਲਡ ਮੈਡਲਿਸਟ ਵੀ ਰਿਹਾ ਹੈ। ਇਸ ਨੌਜਵਾਨ ਦਾ ਜੱਦੀ ਪਿੰਡ ਖੁਰਦਾਂ (ਦਸੂਹਾ) ਜ਼ਿਲ੍ਹਾ ਹੁਸ਼ਿਆਰਪੁਰ ਸੀ। ਇਹ ਮੁੰਡਾ ਇਥੇ 2011 ‘ਚ ਪੜ੍ਹਨ ਆਇਆ ਸੀ ਤੇ ਬਿਜ਼ਨਸ ਦਾ ਕੋਰਸ ਕੀਤਾ ਹੋਇਆ ਸੀ। ਇਸ ਵੇਲੇ ਉਹ ਚੰਗੀ ਮਿਹਨਤ ਅਤੇ ਨੌਕਰੀ ਕਰਕੇ ਦੇਸ਼ ਦਾ ਨਾਗਰਿਕ ਵੀ ਬਣ ਚੁੱਕਾ ਸੀ। ਪਿੱਛੇ ਪਰਿਵਾਰ ਦੇ ਵਿਚ ਇਸਦੇ ਸਤਿਕਾਰਯੋਗ ਪਿਤਾ ਸ. ਕਸ਼ਮੀਰ ਸਿੰਘ-ਮਾਤਾ ਜੋਗਿੰਦਰ ਕੌਰ, ਦਾਦਾ ਸ. ਕਿਸ਼ਨ ਸਿੰਘ ਅਤੇ ਦਾਦੀ ਸ੍ਰੀਮਤੀ ਦਰਸ਼ਨ ਕੌਰ ਹਨ ਜਦ ਕਿ ਛੋਟਾ ਭਰਾ ਅਮਰੀਕਾ ਦੇ ਵਿਚ ਅਤੇ ਛੋਟੀ ਭੈਣ ਕੈਨੇਡਾ ‘ਚ ਰਹਿੰਦੀ ਹੈ। ਸਾਰਾ ਪਰਿਵਾਰ ਇਸ ਵੇਲੇ ਗਹਿਰੇ ਸਦਮੇ ਵਿਚ ਹੈ। ਇਹ ਮੁੰਡਾ ਅਜੇ ਕੁਆਰਾ ਸੀ ਅਤੇ ਇਸੇ ਸਾਲ ਦੇ ਸ਼ੁਰੂ ਵਿਚ ਪਿੰਡ ਜਾ ਕੇ ਵੀ ਆਇਆ ਸੀ।
ਇਸ ਨੌਜਵਾਨ ਦੇ ਫੁੱਫੜ ਸ. ਅਮਰ ਸਿੰਘ ਲਾਹੌਰੀਆ ਅਤੇ ਉਨ੍ਹਾਂ ਦਾ ਬੇਟਾ ਐਸ. ਪੀ. ਸਿੰਘ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਐਸ. ਪੀ. ਸਿੰਘ ਦੇ ਮਾਮੇ ਦਾ ਇਹ ਮੁੰਡਾ ਬਹੁਤ ਹੀ ਫੁਰਤੀਲਾ ਅਤੇ ਵਧੀਆ ਖਿਡਾਰੀ ਸੀ ਜਿਸ ਕਾਰਨ ਸਾਰੇ ਖਿਡਾਰੀਆਂ ਅਤੇ ਖੇਡ ਕਲੱਬਾਂ ਨੂੰ ਬਹੁਤ ਸਦਮਾ ਪੁੱਜਾ ਹੈ।