ਸ੍ਰੀ ਮੁਕਤਸਰ ਸਾਹਿਬ, 10 ਸਤੰਬਰ 2020 – ਐਸਐਸਪੀ ਡੀ.ਸੁਡਰਵਿਲੀ ਨੇ ਪੁਲਿਸ ਟੀਮਾਂ ਨਾਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਫਲੈਗ ਮਾਰਚ ਕੱਢ ਕੇ ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਵਰਤਨ ਲਈ ਅਪੀਲ ਕੀਤੀ। ਇਹ ਫਲੈਗ ਮਾਰਚ ਥਾਣਾ ਸਿਟੀ ਤੋਂ ਹੁੰਦੇ ਹੋਏ ਮਸੀਤ ਵਾਲਾ ਚੌਂਕ, ਰੇਲਵੇ ਸ਼ਟੇਸ਼ਨ, ਬੈਂਕ ਰੋਡ ਅਤੇ ਘਾਹ ਮੰਡੀ ਚੌਕ ਵਿੱਚ ਸਮਾਪਤ ਹੋਇਆ। ਇਸ ਮੌਕੇ ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ, ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ, ਐਸ.ਆਈ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਅਤੇ ਐਸ.ਆਈ ਵੀਰਪਾਲ ਕੌਰ ਇੰਚਾਰਜ ਚੌਂਕੀ ਬੱਸ ਸਟੈਂਡ ਵੀ ਹਾਜ਼ਰ ਸਨ। ਇਸ ਮੌਕੇ ਐਸ.ਐਸ.ਪੀ ਨੇ ਦੱਸਿਆ ਕਿ ਪਿਛਲੇ ਦਿਨਾਂ ਅੰਦਰ ਲੋਕਾਂ ਵੱਲੋਂ ਸ਼ਹਿਰ ਅੰਦਰ ਟ੍ਰੈਫਿਕ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਰਕੇ ਅੱਜ ਇਹ ਫਲੈਗ ਮਾਰਚ ਕੱਢਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦੌਰਾਨ ਅਸੀ ਵੇਖਿਆ ਕਿ ਦੁਕਾਨਦਾਰ ਆਪਣੇ ਵਹੀਕਲਾਂ ਦੀ ਪਾਰਕਿੰਗ ਆਪਣੀਆਂ ਦੁਕਾਨਾ ਦੇ ਬਾਹਰ ਕਰ ਰਹੇ ਹਨ ਅਤੇ ਖਰੀਦਦਾਰੀ ਕਰਨ ਆਏ ਗਾਹਕ ਵੀ ਆਪਣੇ ਵਹੀਕਲਾਂ ਦੀ ਪਾਰਕਿੰਗ ਸੜਕ ‘ਤੇ ਹੀ ਕਰਦੇ ਹਨ, ਇਸੇ ਕਾਰਨ ਸੜਕਾਂ ‘ਤੇ ਜਾਮ ਲੱਗਿਆ ਰਹਿੰਦਾ ਹੈ ਅਤੇ ਸੜਕਾਂ ਤੇ ਪਾਰਕਿੰਗ ਲਈ ਵਾਇਟ ਪੱਟੀਆਂ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾਂ ਸੜਕਾਂ ‘ਤੇ ਨਜ਼ਾਇਜ ਤਰੀਕੇ ਨਾਲ ਰੇਹੜੀਆਂ ਵੀ ਲਗਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਬਾਰੇ ਸਿਵਲ ਪ੍ਰਸ਼ਾਸ਼ਨ ਨਾਲ ਮਿਲ ਕੇ ਛੇਤੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਟ੍ਰੈਫਿਕ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐਸਐਸਪੀ ਨੇ ਸ਼ਹਿਰ ਵਾਸੀਆਂ ਨੂੰ ਕੋਰੋਨਾ ਪ੍ਰਤੀ ਵੀ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਤੋਂ ਬਚਾਅ ਲਈ ਲੋਕ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰਨ ਪਾਲਣ ਕਰਨ।