ਸ੍ਰੀ ਮੁਕਤਸਰ ਸਾਹਿਬ, 6 ਸਤੰਬਰ 2020 – ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫ਼ਿਰ ਤੋਂ ਕਾਂਗਰਸ ਸਰਕਾਰ ‘ਤੇ ਵਰ੍ਹਦਿਆਂ ਸਰਕਾਰ ਦੀਆਂ ਨਾਕਾਮੀਆਂ ‘ਤੇ ਅਫ਼ਸੋਸ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਾਸੀਆਂ ਦੀ ਸਾਰ ਲੈਣ ਦੀ ਗੱਲ ਆਖ਼ੀ ਹੈ। ਬਾਦਲ ਨੇ ਆਪਣੀ ਨਿੱਜੀ ਰਿਹਾਇਸ਼ ਪਿੰਡ ਬਾਦਲ ਤੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਰਕੇ ਲੰਬੀ ਹਲਕੇ ਦੇ ਪਿੰਡਾਂ ‘ਚ ਹਜ਼ਾਰਾਂ ਏਕੜ ਫਸਲਾਂ ਖ਼ਰਾਬੇ ਦਾ ਸ਼ਿਕਾਰ ਹੋਈਆਂ ਹਨ, ਪਰ ਸਰਕਾਰ ਦੀਆਂ ਤਿਆਰੀਆਂ ਨਾ ਹੋਣ ਕਰਕੇ ਅੱਜ ਪੰਜਾਬ ਦਾ ਹਰ ਵਰਗ ਗੰਭੀਰ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ।
ਬਾਦਲ ਨੇ ਦੱਸਿਆ ਕਿ ਲੰਬੀ ਹਲਕੇ ਪਿੰਡਾਂ ਪੰਨੀਵਾਲਾ ਫੱਤਾ, ਮਿੱਡਾ, ਬੋਦੀਵਾਲਾ, ਆਲਮਵਾਲਾ, ਮੋਹਲਾਂ, ਰੱਤਾ ਟਿੱਬਾ, ਕਰਮਪੱਟੀ, ਰਾਣੀਵਾਲਾ, ਕੱਟਿਆਂਵਾਲੀ, ਗੁਰੂਸਰ ਜੋਧਾਂ, ਪੱਕੀ ਟਿੱਬੀ, ਸ਼ਾਮ ਖੇੜਾ ਤੇ ਕਈ ਹੋਰ ਪਿੰਡਾਂ ਅੰਦਰ ਬਾਰਿਸ਼ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਾਰਿਸ਼ ਨੇ ਪਾਣੀ ਨੇ ਉਕਤ ਪਿੰਡਾਂ ਵਿੱਚ ਹਜ਼ਾਰਾਂ ਏਕੜ ਨਰਮੇ ਤੇ ਝੋਨੇ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ, ਜਿਸ ਨਾਲ ਲੋਕ ਹੁਣ ਆਰਥਿਕ ਸੰਕਟਾਂ ‘ਚੋਂ ਲੰਘਣ ਲਈ ਮਜ਼ਬੂਰ ਹਨ, ਪਰ ਸਰਕਾਰ ਅਜਿਹੇ ਸਮੇਂ ਵਿੱਚ ਆਪਣੇ ਹੀ ਸੂਬੇ ਦੇ ਲੋਕਾਂ ਦੀ ਸਾਰ ਨਹੀਂ ਲੈ ਰਹੀ।
ਬਾਦਲ ਨੇ ਦੱਸਿਆ ਕਿ ਉਨ੍ਹਾਂ ਬਾਰਿਸ਼ ਦੇ ਪ੍ਰਭਾਵ ਨਾਲ ਨਜਿੱਠਣ ਲਈ 20 ਦਿਨ ਪਹਿਲਾਂ ਸਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਤੇ ਅਗਾਊਂ ਤਿਆਰੀਆਂ ਕੀਤੇ ਜਾਣ ਲਈ ਕਿਹਾ ਸੀ, ਪਰ ਫ਼ਿਰ ਵੀ ਵਿਭਾਗ ਵੱਲੋਂ ਤਿਆਰੀਆਂ ਨਾ ਕਰਨ ਦੇ ਚੱਲਦਿਆਂ ਅੱਜ ਇਸ ਹਲਕੇ ਦੇ ਲੋਕਾਂ ਨੂੰ ਬਾਰਿਸ਼ ਕਰਕੇ ਵੱਡਾ ਨੁਕਸਾਨ ਹੋਇਆ ਹੈ, ਜਦੋਂਕਿ ਫਸਲਾਂ ਦੇ ਨਾਲ-ਨਾਲ ਲੋਕਾਂ ਦੇ ਘਰ ਢਹਿ ਗਏ ਹਨ ਤੇ ਫਸਲਾਂ ਦੇ ਖ਼ਰਾਬੇ ਕਰਕੇ ਹੁਣ ਜਾਨਵਰਾਂ ਦੇ ਚਾਰੇ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਉਨ੍ਹਾਂ ਦੀ ਅਕਾਲੀ-ਭਾਜਪਾ ਸਰਕਾਰ ਸੀ ਤਾਂ ਅਜਿਹੇ ਹਾਲਾਤਾਂ ਲਈ ਅਗੇਤੀਆਂ ਤਿਆਰੀਆਂ ਪਹਿਲਾਂ ਹੀ ਕਰ ਦਿੱਤੀਆਂ ਜਾਂਦੀਆਂ ਸਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਬਤ ਗੰਭੀਰ ਨਜ਼ਰ ਨਹੀਂ ਆ ਰਹੇ। ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਬਾਰਿਸ਼ ਨੇ ਲੋਕਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਖ਼ਰਾਬ ਹੋਈਆਂ ਫ਼ਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਖ਼ੁਦ ਕਰੇ, ਪਿੰਡਾਂ ਅੰਦਰ 24 ਘੰਟੇ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ, ਪਿੰਡਾਂ ਅੰਦਰੋਂ ਪਾਣੀ ਦੀ ਨਿਕਾਸੀ ਲਈ ਮੋਟਰਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਖ਼ਰਾਬੇ ਤੋਂ ਬਾਅਦ ਕਿਸਾਨਾਂ ਨੂੰ ਹੋਰ ਕਿਸੇ ਤਰ੍ਹਾਂ ਦੇ ਖ਼ਰਾਬੇ ਦਾ ਮੂੰਹ ਨਾ ਵੇਖਣਾ ਪਵੇ। ਬਾਦਲ ਨੇ ਕਿਹਾ ਕਿ ਲੋਕ ਪਹਿਲਾਂ ਹੀ ਕੋਰੋਨਾ ਕਰਕੇ ਆਰਥਿਕ ਸੰਕਟਾਂ ਦੇ ਸ਼ਿਕਾਰ ਹੋ ਰਹੇ ਹਨ, ਉਪਰੋਂ ਕੁਦਰਤੀ ਕਰੋਪੀ ਨੇ ਹਰ ਵਰਗ ਲਈ ਮੁਸ਼ਕਿਲ ਖੜ੍ਹੀਆਂ ਕਰ ਦਿੱਤੀਆਂ ਹਨ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੌਰੀ ਕਦਮ ਚੁੱਕਣੇ ਚਾਹੀਦੇ ਹਨ।
ਕੋਰੋਨਾ ਹਾਲਾਤਾਂ ਸਬੰਧੀ ਗੱਲ ਕਰਦਿਆਂ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਹ ਅੱਜ ਦੇ ਪੰਜਾਬ ਦੇ ਹਾਲਤਾਂ ‘ਤੇ ਅਫ਼ਸੋਸ ਕਰਦੇ ਹਨ, ਕਿਉਂਕਿ ਵਢੇਰੀ ਉਮਰ ਕਰਕੇ ਉਨ੍ਹਾਂ ਨੂੰ ਡਾਕਟਰਾਂ ਨੇ ਘਰੋਂ ਨਿਕਲਣ ਤੋਂ ਮਨ੍ਹਾ ਕੀਤਾ ਹੈ, ਪਰ ਉਨ੍ਹਾਂ ਦੀ ਦਿਲੀਂ ਰੀਝ ਹੈ ਕਿ ਉਹ ਜਲਦੀ ਹੀ ਲੋਕਾਂ ਵਿੱਚ ਵਿਚਰਨ ਤੇ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਨੇੜਿਓਂ ਸੁਣਨ। ਬਾਦਲ ਨੇ ਕਿਹਾ ਕਿ ਉਨ੍ਹਾਂ ਅੱਜ ਵੀ ਬਾਰਿਸ਼ ਪ੍ਰਭਾਵਿਤ ਇਲਾਕਿਆਂ ਸਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤੇ ਪਾਣੀ ਦੀ ਫੌਰੀ ਨਿਕਾਸੀ ਕਰਨ ਲਈ ਕਿਹਾ ਹੈ।