ਔਕਲੈਂਡ, 05 ਸਤੰਬਰ 2020 – ਨਿਊਜ਼ੀਲੈਂਡ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧਣੀ-ਘਟਣੀ ਜਾਰੀ ਹੈ। ਅੱਜ ਫਿਰ 5 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 1 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹੈ ਅਤੇ 4 ਕੇਸ ਕਮਿਊਨਿਟੀ ਕਲੱਸਟਰ ਨਾਲ ਸੰਬੰਧਿਤ ਹਨ। ਅੱਜ ਰਾਤ ਤੋਂ ਇੱਕ ਨਵਾਂ ਕਾਨੂੰਨ ਲਾਗੂ ਹੋ ਰਿਹਾ ਹੈ ਕਿ ਸਰਹੱਦਾਂ ਉਤੇ ਕੰਮ ਕਰਦੇ ਲੋਕਾਂ ਦੀ ਨਿਯਮਤ ਤੌਰ ‘ਤੇ ਪਰਖ ਕੀਤੀ ਜਾਵੇਗੀ, ਜੇ ਉਹ ਹਫ਼ਤਾਵਾਰੀ ਜਾਂ ਪੰਦ੍ਹਰੀਦਿਨੀ ਟੈੱਸਟ ਕਰਵਾਉਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ 1000 ਡਾਲਰ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਕੋਈ ਖਾਸ ਵਜ਼੍ਹਾ ਕਰਕੇ ਇਸਦੀ ਛੋਟ ਹੋ ਸਕਦੀ ਹੈ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਅੱਜ ਦੱਸਿਆ ਕਿ ਕਮਿਊਨਿਟੀ ਦੇ 4 ਕੇਸ ਮਾਊਂਟ ਰੋਸਕਿਲ ਚਰਚ ਨਾਲ ਜੁੜੇ ਹੋਏ ਹਨ। ਜਦੋਂ ਕਿ ਇੱਕ ਕੇਸ ਵਿਦੇਸ਼ ਤੋਂ ਪਰਤੇ ਦਾ ਹੈ। ਇਹ 20 ਸਾਲਾ ਪੁਰਸ਼ ਹੈ ਅਤੇ 23 ਅਗਸਤ ਨੂੰ ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ ਤੇ ਆਕਲੈਂਡ ਦੀ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ ਰਹਿ ਰਿਹਾ ਸੀ। ਇਹ ਆਪਣੇ 12ਵੇਂ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ ਹੁਣ ਉਹ ਕੁਆਰੰਟੀਨ ਸਹੂਲਤ ਵਿੱਚ ਹੈ।
ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 116 ਹੋ ਗਈ ਹੈ। ਜਿਨ੍ਹਾਂ ਵਿੱਚ 77 ਕੇਸ ਕਮਿਊਨਿਟੀ ਦੇ ਹਨ, ਜਦੋਂ ਕਿ 39 ਕੇਸ ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1772 ਕੇਸ ਹਨ। ਜਿਨ੍ਹਾਂ ਵਿੱਚੋਂ 1,421 ਪੁਸ਼ਟੀ ਕੀਤੇ ਤੇ 351 ਸੰਭਾਵਿਤ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1632 ਹੈ। ਨਿਊਜ਼ੀਲੈਂਡ ਵਿੱਚ 4 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ ਇਕ ਗੰਭੀਰ ਦੇਖਭਾਲ ਅਧੀਨ ਹੈ । ਦੇਸ਼ ‘ਚ ਮੌਤਾਂ ਦੀ ਗਿਣਤੀ 24 ਹੈ।