ਅੰਮ੍ਰਿਤਸਰ, 6 ਸਤੰਬਰ 2020 – ਸ਼ਹੀਦ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੀ ਅਮਰੀਕਾ, ਕੈਨੇਡਾ ਵਿੱਚ ਵੀ ਯਾਦਗਾਰ ਬਣਾਈ ਗਈ ਹੈ ਅਤੇ ਪਿਛਲੇ ਹਫਤੇ ਹੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਉਹਨਾਂ ਦੇ ਨਾਮ ਤੇ ਜਸਵੰਤ ਸਿੰਘ ਖਾਲੜਾ ਵੀਕ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਜਿਨ੍ਹਾਂ ਨੇ ਭਾਰਤ ਦੇ ਕਾਨੂੰਨ ‘ਤੇ ਚੱਲਦਿਆਂ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਦੇ ਗਾਇਬ ਹੋਣ ਦੀ ਪੜਤਾਲ ਕੀਤੀ ਅਤੇ ਉਹਨਾਂ ਨੂੰ ਕਤਲ ਕਰਵਾ ਦਿੱਤਾ ਗਿਆ, ਜਿਸ ਦੇ ਕੇਸ ਦੀ ਜਾਂਚ ਅਜੇ ਤੱਕ ਸੀਬੀਆਈ ਕਰ ਰਹੀ ਹੈ। ਉਸ ਮਹਾਨ ਸ਼ਖਸੀਅਤ ਨੂੰ ਸਮਰਪਿਤ ਅੰਮ੍ਰਿਤਸਰ ਵਿੱਚ ਕੋਈ ਵੱਡੀ ਯਾਦਗਾਰੀ ਬਣਾਈ ਜਾਵੇ।
ਖਾਲੜਾ ਅੰਮ੍ਰਿਤਸਰ ਸਾਹਿਬ ਦੇ ਹੀ ਕਬੀਰ ਪਾਰਕ ਇਲਾਕੇ ਦੇ ਹੀ ਰਹਿਣ ਵਾਲੇ ਸਨ, 05 ਸਤੰਬਰ ਦੀ ਸਵੇਰ ਨੂੰ ਉਹਨਾਂ ਨੂੰ ਘਰੋਂ ਬਾਹਰੋਂ ਚੱਕ ਲਿਆ ਗਿਆ ਤੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ, ਜਿਸ ਦਾ ਖੁਲਾਸਾ ਸੀ. ਬੀ. ਆਈ. ਨੇ ਵੀ ਕੀਤਾ ਹੈ। ਜਸਵੰਤ ਸਿੰਘ ਖਾਲੜਾ ਜੀ ਉਹਨਾਂ ਹਜ਼ਾਰਾਂ, ਲੱਖਾਂ ਲੋਕਾਂ ਲਈ ਪ੍ਰੇਰਣਾਦਾਇਕ ਹਨ ਜੋ ਕਿ ਅੱਜ ਦੇ ਦੌਰ ਵਿੱਚ ਵੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੂਰੀ ਜੱਦੋਜਹਿਦ ਕਰ ਰਹੇ ਹਨ ਅਤੇ ਉਹਨਾਂ ਨੂੰ ਵੀ ਤਮਾਮ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਮਹਾਨ ਸਿੱਖ ਸ਼ਖਸੀਅਤ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਦੀ ਉਹਨਾਂ ਦੇ ਆਪਣੇ ਅੰਮ੍ਰਿਤਸਰ ਸ਼ਹਿਰ ਢੁੱਕਵੀ ਯਾਦਗਾਰੀ ਬਣਾਉਣੀ ਚਾਹੀਦੀ ਹੈਂ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਉਸ ਮਹਾਨ ਸ਼ਖਸੀਅਤ ਦੇ ਯਤਨਾਂ ਤੇ ਸ਼ਹਾਦਤ ਨੂੰ ਯਾਦ ਕਰ ਸਕੇ।