ਸਰੀ, 6 ਸਤੰਬਰ 2020- ਡਾਊਨਟਾਊਨ ਮਾਂਟਰੀਅਲ ਵਿਚ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਅਲਿਗਜ਼ੈਂਡਰ ਮੈਕਡੌਨਲਡ ਦਾ ਲੱਗਿਆ 125 ਸਾਲ ਪੁਰਾਣਾ ਬੁੱਤ ਮੁਜ਼ਾਹਰਾਕਾਰੀਆਂ ਵਲੋਂ ਪੁੱਟ ਦੇਣ ਪਿੱਛੋਂ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਵਿਰਾਸਤ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ।
ਮਾਂਟਰੀਆਲ ਦੇ ਮੇਅਰ ਵੈਲਰ ਪਲਾਂਟ ਨੇ ਭੰਨਤੋੜ ਦੀ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਨਾਂ ਟਵੀਟ ਕਰਦਿਆਂ ਕਿਹਾ ਕਿ ਇਸ ਤਰਾਂ ਦੀਆਂ ਗੱਲਾਂ ਨੂੰ ਨਾ ਸਵੀਕਾਰ ਕੀਤਾ ਜਾ ਸਕਦਾ ਤੇ ਨਾ ਹੀ ਬਰਦਾਸ਼ਤ ਕੀਤਾ ਜਾ ਸਕਦਾ ਹੈ। ਕਿਊਬਕ ਦੇ ਪ੍ਰੀਮੀਅਰ ਫਰਾਂਕੋਇਸ ਲੇਗੌਲਟ ਨੇ ਕਿਹਾ ਕਿ ਸਾਡੇ ਲੋਕਤੰਤਰ ਵਿਚ ਇਸ ਤਰਾਂ ਦੀਆਂ ਕਾਰਵਾਈਆਂ ਦੀ ਕੋਈ ਥਾਂ ਨਹੀਂ ਅਤੇ ਬੁੱਤ ਨੂੰ ਲਾਜ਼ਮੀ ਤੌਰ ’ਤੇ ਉਸ ਦੀ ਚੌਂਕੀ ’ਤੇ ਸਥਾਪਤ ਕੀਤਾ ਜਾਵੇ।
ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਟਵਿੱਟਰ ’ਤੇ ਇਸ ਗੱਲ ਦੀ ਪੇਸ਼ਕਸ਼ ਕੀਤੀ ਕਿ ਜੇਕਰ ਮਾਂਟਰੀਅਲ ਇਸ ਨੂੰ ਨਹੀਂ ਰੱਖਣਾ ਚਾਹੁੰਦਾ ਤਾਂ ਉਨਾਂ ਨੂੰ ਦੇ ਦਿੱਤਾ ਜਾਵੇ। ਮੇਅਰ ਵੈਲਰ ਪਲਾਂਟ ਪਲਾਂਟ ਨੇ ਕਿਹਾ ਕਿ ਸ਼ਹਿਰ ਬੁੱਤ ਦੀ ਮੁੜ ਸਥਾਪਤੀ ਲਈ ਤਾਲਮੇਲ ਕਰੇਗਾ ਅਤੇ ਵਿਰਾਸਤ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰੇਗਾ ਕਿ ਅਗਲੇ ਕਦਮ ਕੀ ਚੁੱਕੇ ਜਾਣ। ਕੀ ਬੁੱਤ ਨੂੰ ਪਲੇਸ ਡੂ ਕੈਨੇਡਾ ਵਿਚ ਮੁੜ ਸਥਾਪਤ ਕੀਤਾ ਜਾਵੇ ਜਿਥੇ ਇਸ ਨੂੰ ਵਾਰ ਵਾਰ ਨੁਕਸਾਨ ਪਹੁੰਚਾਇਆ ਗਿਆ ਅਤੇ ਇਥੋਂ ਤਕ 1992 ਵਿਚ ਇਸ ਦਾ ਸਿਰ ਤੋੜ ਦਿੱਤਾ ਗਿਆ ਸੀ ਜਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਮੈਕਡੋਨਲਡ ਦੇ ਬੁੱਤ ਨੂੰ ਸਥਾਈ ਰੂਪ ਵਿਚ ਜਨਤਕ ਦ੍ਰਿਸ਼ ਤੋਂ ਲਾਂਭੇ ਕਰ ਦਿੱਤਾ ਜਾਵੇ ਕਿਉਂਕਿ ਵਰਤਮਾਨ ਕੈਨੇਡਾ, ਕੈਨੇਡਾ ਫੈਡਰੇਸ਼ਨ ਦੇ ਪਹਿਲੇ ਜਨਮਦਾਤਾ ਦੇ ਨਸਲੀ ਵਿਚਾਰਾਂ ਨੂੰ ਸਵੀਕਾਰ ਨਹੀਂ ਕਰਦਾ।
ਹੈਲੀਫੈਕਸ ਵਿਚ ਲੇਖਕ ਤੇ ਮਾਨਵੀ ਹੱਕਾਂ ਬਾਰੇ ਕਾਰਕੁਨ ਡੇਨੀਅਲ ਪੌਲ ਦਾ ਕਹਿਣਾ ਕਿ ਇਸ ਨੂੰ ਸੇਂਟ ਲਾਰੈਂਸ ਦਰਿਆ ਦੇ ਵਿਚਕਾਰ ਸੁੱਟ ਦੇਣਾ ਚਾਹੀਦਾ ਹੈ। ਪੌਲ ਦੀ ਹੈਲੀਫੈਕਸ ਵਿਚ ਕੋਰਨਵਿਲਸ ਪਾਰਕ ਵਿਚੋਂ ਬ੍ਰਿਟਿਸ਼ ਜਨਰਲ ਐਡਵਰਡ ਕੋਰਨਵੈਲਿਸ ਦਾ ਬੁੱਤ ਹਟਾਉਣ ਅਤੇ ਪਾਰਕ ਨਾਂਅ ਬਦਲਣ ਵਿਚ ਮਹੱਤਵਪੂਰਣ ਭੂਮਿਕਾ ਸੀ। ਉਨਾਂ ਕਿਹਾ ਕਿ ਉਨਾਂ ਦਾ ਖਿਆਲ ਹੈ ਕਿ ਗੌਰਿਆਂ ਦੀ ਸਰਦਾਰੀ ਦੀ ਵਕਾਲਤ ਕਰਨ ਵਾਲੇ ਦਾ ਕੋਈ ਬੁੱਤ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਜੌਹਨ ਏ ਮੈਕਡੋਨਲਡ ਪਹਿਲੇ ਦਰਜੇ ਦਾ ਗੋਰਾ ਸੁਪਰਮੈਸਿਟ ਸੀ। ਪਰ ਇਤਿਹਾਸਕਾਰ ਜੈਕ ਗਰੈਂਟਸਟੀਨ ਦਾ ਕਹਿਣਾ ਕਿ ਬੁੱਤ ਉਸ ਥਾਂ ’ਤੇ ਬਹਾਲ ਕੀਤਾ ਜਾਣਾ ਚਾਹੀਦਾ ਹੈ ਜਿਥੇ ਇਹ 1895 ਤੋਂ ਸਥਾਪਤ ਹੈ। ਉਹ ਕੈਨੇਡਾ ਦਾ ਬਾਨੀ ਹੈ। ਉਨਾਂ ਕਿਹਾ ਕਿ ਮੈਕਡੋਨਲਡ ਦੀ ਵਿਰਾਸਤ ਦੇ ਮਾੜੇ ਪਹਿਲੂਆਂ ਨੂੰ ਦਰਸਾਉਣ ਵਾਲੀ ਪਲੇਟ ਲਾਈ ਜਾ ਸਕਦੀ ਹੈ।