ਰਾਜਾਸਾਂਸੀ, 19 ਮਈ 2020 – ਤਕਰੀਬਨ ਬੀਤੇ ਵਰ੍ਹੇ ਆਪਣੀਆਂ ਅੱਖਾਂ ਦੇ ਗਰਭ ‘ਚ ਚਮਕ-ਦਮਕ ਦੀ ਦੁਨੀਆਂ ਦੇ ਸੁਪਨੇ ਪਾਲਦੇ ਹੋਏ ਅਮਰੀਕਾ ਗਏ 167 ਭਾਰਤੀ ਟਰੰਪ ਸਰਕਾਰ ਦੇ ਅੜਿੱਕੇ ਚੜ੍ਹ ਜਾਣ ਅਤੇ ਕਾਨੂੰਨੀ ਲੜਾਈ ਹਾਰਨ ਉਪਰੰਤ ਅੱਜ ਡਿਪੋਰਟ ਹੋ ਕੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜ ਗਏ ਹਨ।
ਅਮਰੀਕਾ ਵੱਲੋਂ 167 ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਿਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਭਾਰਤੀਆਂ ਨੂੰ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ ਅੱਜ (19 ਮਈ) ਅੰਮ੍ਰਿਤਸਰ ਦੇ ਏਅਰਪੋਰਟ ਵਿਖੇ ਭੇਜਿਆ ਗਿਆ। 167 ਭਾਰਤੀ ਨਾਗਰਿਕ ਹਰਿਆਣਾ (75), ਪੰਜਾਬ (56) ਅਤੇ ਗੁਜਰਾਤ, ਉੱਤਰ ਪ੍ਰਦੇਸ਼, ਕੇਰਲ, ਤੇਲੰਗਾਨਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਗੋਆ ਤੋਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਰਹਿ ਰਹੇ ਸਨ। ਇਹ ਭਾਰਤੀ ਮੈਕਸੀਕੋ ਦੀ ਦੱਖਣੀ ਸਰਹੱਦ ਤੋਂ ਅਮਰੀਕਾ ਵਿੱਚ ਦਾਖਲ ਹੋਏ ਸਨ।