ਬਠਿੰਡਾ, 5 ਸਤੰਬਰ 2020 – ਜ਼ਿੰਦਗੀ ਦੇ ਸਫਰ ਦੌਰਾਨ ਪੈਦਾ ਹੋਏ ਔਖੇ ਹਾਲਾਤ ਵੀ ਉਨ੍ਹਾਂ ਦਾ ਰਾਹ ਨਹੀਂ ਡੱਕ ਸਕੇ ਅਤੇ ਠੰਢੀਆਂ ਰਾਤਾਂ ਉਨ੍ਹਾਂ ਦੀ ਮੰਜ਼ਿਲ। ਜਦੋਂ ਸਿਰੜ ਨੇ ਜਜਬੇ ਦੀ ਉਂਗਲ ਫੜੀ ਤਾਂ ਇੰਨ੍ਹਾਂ ਅਧਿਆਪਕਾਂ ਨੇ ਅਜਿਹਾ ਰਾਹ ਫੜਿਆ ਜਿਸ ਤੇ ਚੱਲਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ । ਪੰਜਾਬ ਦੀ ਜਰਖੇਜ਼ ਧਰਤੀ ਖਾਸ ਤੌਰ ਤੇ ਲੋਕ ਲਹਿਰਾਂ ਵਾਲਾ ਖਿੱਤੇ ਮਾਲਵੇ ’ਚ ਏਦਾਂ ਦੇ ਅਧਿਆਪਕਾਂ ਦੀ ਘਾਟ ਨਹੀਂ ਜਿੰਨ੍ਹਾਂ ਨੇ ਨੌਕਰੀ ਤਿਆਗ ਕੇ ਕਿਸਾਨਾਂ ਤੇ ਮਜਦੂਰਾਂ ਨੂੰ ਨਿਆਂ ਦਿਵਾਉਣ ਦੀ ਠਾਣੀ ਹੋਈ ਹੈ। ਵਿਸ਼ੇਸ਼ ਤੱਥ ਹੈ ਕਿ ਇਹ ਅਧਿਆਪਕ ਨਵੇਂ ਪੋਚ ਨੂੰ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੀ ਜਾਗ ਵੀ ਲਾ ਰਹੇ ਹਨ। ਸਤੱਨਵਿਆਂ ਦੇ ਦਹਾਕੇ ਦੌਰਾਨ ਖੇਤੀ ਤੇ ਆਏ ਸੰਕਟ ਕਾਰਨ ਪਿੰਡ ਸਕਰੌਦੀ ਦੇ ਸਰਪੰਚ ਨੇ ਪੂਰੇ ਪ੍ਰੀਵਾਰ ਸਮੇਤ ਆਤਮ ਹੱਤਿਆ ਕਰ ਲਈ ਤਾਂ ਤੱਤਕਾਲੀ ਸਾਇੰਸ ਮਾਸਟਰ ਸੁਖਦੇਵ ਸਿੰਘ ਕੋਕਰੀ ਕਲਾਂ ਨੂੰ ਧੁਰ ਅੰਦਰ ਤੱਕ ਝੰਜੋੜਿਆ ਗਿਆ।
ਕੋਕਰੀ ਕਲਾਂ ਨੇ ਸਾਲ 1998 ਵਿੱਚ ਸਿੱਖਿਆ ਵਿਭਾਗ ਚੋਂ ਸੇਵਾਮੁਕਤੀ ਲੈ ਲਈ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਸੰਘਰਸ਼ ’ਚ ਕੁੱਦ ਪਿਆ। ਹੁਣ ਕੋਕਰੀ ਕਲਾਂ ਭਾਰਤੀ ਕਿਸਾਨ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਹੈ ਜਿਸ ਨੇ ਆਪਣਾ ਸੰਘਰਸ਼ੀ ਸਫਰ ਜਾਰੀ ਰੱਖਿਆ ਹੋਇਆ ਹੈ। ਇਸ ਕਿਸਾਨ ਆਗੂ ਨੇ ਪੁਲਿਸ ਦਾ ਜਬਰ ਵੀ ਪਿੰਡੇ ਤੇ ਹੰਢਾਇਆ ਤੇ ਸਰਕਾਰ ਨੇ ਉਸ ਨੂੰ ਜੇਲ੍ਹਾਂ ’ਚ ਵੀ ਡੱਕਿਆ ਪਰ ਜਬਰ ਦੇ ਹੱਥਕੰਡੇ ਉਸ ਦਾ ਹੌਂਸਲਾ ਨਹੀਂ ਡੁਲਾ ਸਕੇ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੀਨੀਅਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ ਨੇ ਤਾਂ ਖੇਤ ਮਜਦੂਰਾਂ ਦੇ ਹੱਕਾਂ ਲਈ ਅਫਸਰੀ ਨੂੰ ਠੋਕਰ ਮਾਰੀ ਹੈ। ਸੇਵਕ ਸਿੰਘ ਅਧਿਆਪਕ ਦੋ ਤੌਰ ਤੇ ਭਰਤੀ ਹੋਇਆ ਅਤੇ ਬਲਾਕ ਸਿੱਖਿਆ ਅਫਸਰ (ਪ੍ਰਾਇਮਰੀ) ਦੇ ਅਹੁਦੇ ਤੋਂ ਸੇਵਾਮੁਕਤੀ ਲਈ ਹੈ। ਖੇਤ ਮਜਦੂਰ ਪ੍ਰੀਵਾਰਾਂ ਦੇ ਬਿਹਤਰੀ ਲਈ ਕੋਈ ਵੀ ਅਜਿਹਾ ਅੰਦੋਲਨ ਨਹੀਂ ਜਿਸ ’ਚ ਮਾਸਟਰ ਸੇਵਕ ਸਿੰਘ ਦੀ ਸ਼ਮੂਲੀਅਤ ਨਾ ਰਹੀ ਹੋਵੇ ।
ਹਰ ਵਕਤ ਸਧਾਰਨ ਲਿਬਾਸ ’ਚ ਵਿਚਰਨ ਵਾਲੇ ਇਸ ਮਜਦੂਰ ਆਗੂ ਮਾਸਟਰ ਸੇਵਕ ਸਿੰਘ ਨੇ ਵੱਡੇ ਵੱਡੇ ਅਫਸਰਾਂ ਨੂੰ ਲਾਜਵਾਬ ਕੀਤਾ ਹੈ। ਮਾਸਟਰ ਸੇਵਕ ਸਿੰਘ ਨੂੰ ਵੀ ਪੁਲਿਸ ਕੇਸ ਨਹੀਂ ਦਬਾ ਸਕੇ ਅਤੇ ਸਰਕਾਰੀ ਡਾਂਗਾਂ ਦਾ ਡਰ ਨੇੜੇ ਨਹੀਂ ਢੁੱਕਿਆ ਹੈ। ਆਪਣੇ ਭਾਸ਼ਨ ਦੌਰਾਨ ਇਹ ਸਾਬਕਾ ਅਧਿਆਪਕ ਇਕੱਲਾ ਮਜਦੂਰਾਂ ਤੇ ਮਜਦੂਰ ਔਰਤਾਂ ਨੂੰ ਹੀ ਨਹੀਂ ਜਗਾਉਂਦਾ ਬਲਕਿ ਸੁੱਤੀਆਂ ਜਮੀਰਾਂ ਨੂੰ ਵੀ ਹਲੂਣਾ ਦਿੰਦਾ ਹੈ। ਇਸੇ ਯੂਨੀਅਨ ’ਚ ਗਰਮਜੋਸ਼ੀ ਨਾਲ ਜੁਟੇ ਆਗੂਆਂ ’ਚ ਬੂਟਾ ਸਿੰਘ ਫਰੀਦਕੋਟ ਵੀ ਸ਼ਾਮਲ ਹੈ ਜੋ ਅਧਿਆਪਕ ਰਿਹਾ ਹੈ । ਉਸ ਦੇ ਦਿਲ ’ਚ ਪੀੜਤ ਪ੍ਰੀਵਾਰਾਂ ਲਈ ਦਰਦਾਂ ਦਾ ਦਰਿਆ ਵਗਦਾ ਹੈ । ਸੰਘਰਸ਼ ਨਾਲ ਜੁੜੇ ਹੋਰ ਅਧਿਆਪਕਾਂ ’ਚ ਸੇਵਾ ਮੁਕਤ ਅਧਿਆਪਕ ਸੁਖਦੇਵ ਸਿੰਘ ਜਵੰਧਾ ਬੀਕੇਯ ਉਗਰਾਹਾਂ ਦਾ ਬਲਾਕ ਪ੍ਰਧਾਨ ਹੈ । ਉਸ ਨੇ ਆਖਰੀ ਸਾਹਾਂ ਤੱਕ ਕਿਸਾਨੀ ਦੇ ਦਰਦ ਵੰਡਾਉਣ ਦੀ ਠਾਣੀ ਹੋਈ ਹੈ।
ਮਾਸਟਰ ਬਾਬੂ ਸਿੰਘ ਮੰਡੀ ਖੁਰਦ ਤੇ ਜੇ.ਬੀ.ਟੀ ਅਧਿਆਪਕ ਜਰਨੈਲ ਸਿੰਘ ਮੱਲੇਆਣਾ ਵੀ ਕਿਸਾਨ ਧਿਰਾਂ ਦੇ ਨੇਤਾ ਹਨ । ਮਾਸਟਰ ਹਰਦੀਪ ਸਿੰਘ ਟੱਲੇਵਾਲ ਨੇ ਵੀ ਸਮੇਂ ਤੋਂ ਅਗਾਊਂ ਸੇਵਾ ਮੁਕਤੀ ਲੈ ਲਈ ਤੇ ਕਿਸਾਨ ਲਹਿਰ ਨਾਲ ਜੁੜ ਗਿਆ ਪ੍ਰਾਇਮਰੀ ਸਕੂਲ ਦੇ ਹੈਡ ਟੀਚਰ ਗੁਰਾਂਦਿੱਤਾ ਸਿੰਘ ਭਾਗਸਰ ਨੇ ਜਨਵਰੀ 2001 ਵਿੱਚ ਸੇਵਾਮੁਕਤੀ ਤੋਂ ਮਗਰੋਂ ਕਿਸਾਨ ਲਹਿਰ ਦੀ ਕਮਾਂਡ ਸੰਭਾਲੀ ਹੋਈ ਹੈ ਉਹ ਲੰਮਾਂ ਸਮਾਂ ਅਧਿਆਪਕ ਜੱਥੇਬੰਦੀ ’ਚ ਸਰਗਰਮ ਰਹੇ ਜਿੱਥੋਂ ਕਿਸਾਨ ਸੰਘਰਸ਼ਾਂ ਦੀ ਚੇਟਕ ਲੱਗ ਗਈ। ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਮਜਦੂਰ ਆਗੂ ਵਜੋਂ ਵਿਚਰ ਰਿਹਾ ਹੈ। ਇਹ ਕੁਝ ਮਿਸਾਲਾਂ ਹਨ ਹੋਰ ਵੀ ਅਧਿਆਪਕ ਸੇਵਾ ਮੁਕਤੀ ਮਗਰੋਂ ਘਰ ਨਹੀਂ ਬੈਠੇ ਬਲਕਿ ਲੋਕ ਸੇਵਾ ’ਚ ਲੱਗੇ ਹੋਏ ਵੀ ਹਨ।
ਸੰਘਰਸ਼ਾਂ ਦੌਰਾਨ ਮੌਤ ਵੀ ਮਿਲੀ
ਡਰਾਇੰਗ ਮਾਸਟਰ ਸਾਧੂ ਸਿੰਘ ਤਖਤੂਪੁਰਾ ਅਧਿਆਪਕ ਯੂਨੀਅਨ ਦਾ ਸਰਗਰਮ ਕਾਰਕੁੰਨ ਵੀ ਰਿਹਾ ਹੈ। ਕਿਸਾਨੀ ਘੋਲ ਨੇ ਉਸ ਤੇ ਅਜਿਹਾ ਅਸਰ ਪਾਇਆ ਕਿ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਬੀਕੇਯੂ ਉਗਰਾਹਾਂ ਦੇ ਜੱਥੇਬੰਦਕ ਸਕੱਤਰ ਰਹੇ ਤਖਤੂਪੁਰਾ ਦਾ ਕਤਲ ਕਰ ਦਿੱਤਾ ਸੀ। ਜੇ.ਬੀ.ਟੀ. ਅਧਿਆਪਕ ਬੂਟਾ ਸਿੰਘ ਕੋਠਾ ਗੁਰੂ ਵੀ ਅਗਾਊਂ ਸੇਵਾਮੁਕਤ ਹੋਕੇ ਕਿਸਾਨ ਆਗੂ ਬਣੇ ਪਰ ਬੇਵਕਤੀ ਮੌਤ ਉਸ ਨੂੰ ਕਿਸਾਨਾਂ ਕੋਲੋਂ ਖੋਹ ਕੇ ਲੈ ਗਈ।
ਤਰਕ ਦਾ ਪੱਧਰ ਵਧਿਆ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਅਧਿਆਪਕਾਂ ਦੇ ਵਾਗਡੋਰ ਸੰਭਾਲਣ ਉਪਰੰਤ ਲਹਿਰਾਂ ’ਚ ਤਰਕ ਦਾ ਪੱਧਰ ਵਧਿਆ ਹੈ ਜੋਕਿ ਸਫਲਤਾ ਦੀ ਕੁੰਜੀ ਹੈ । ਉਨ੍ਹਾਂ ਆਖਿਆ ਕਿ ਜਦੋਂ ਕੋਈ ਸੰਕਟ ਖੜਾ ਹੁੰਦਾ ਹੈ ਤਾਂ ਇਹ ਤਜ਼ਰਬੇਕਾਰ ਅਧਿਆਪਕ ਬਾਖੂਬੀ ਹੱਲ ਕੱਢ ਲੈਂਦੇ ਹਨ।
ਮੁੱਕੀ ਨਹੀਂ ਅਧਿਆਪਕਾਂ ਦੀ ਜੰਗ
ਇਸ ਵੇਲੇ ਵੀ ਸੇਵਾ ਨਿਭਾ ਰਹੇ ਅਧਿਆਪਕਾਂ ਦੀ ਜੰਗ ਜਾਰੀ ਹੈ। ਅਧਿਆਪਕ ਆਗੂ ਹਰਜੀਤ ਸਿੰਘ ਜੀਦਾ,ਦਿਦਾਰ ਸਿੰਘ ਮੁੱਦਕੀ, ਅਪਰ ਅਪਾਰ ਸਿੰਘ ਮਨਜੀਤ ਸਿੰਘ ਬਾਜਕ ਅਤੇ ਰਤਨਜੋਤ ਸ਼ਰਮਾ ਆਦਿ ਹਨ ਜੋ ਪੁਲਿਸ ਕੇਸਾਂ ਅਤੇ ਜੇਲ ਜਾਣ ਦੇ ਬਾਵਜੂਦ ਡਟੇ ਹੋਏ ਹਨ। ਈਟੀਟੀ ਅਧਿਆਪਕ ਯੂਨੀਅਨ ਦਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ , ਈਟੀਟੀ ਯੂਨੀਅਨ ਦਾ ਪ੍ਰਧਾਨ ਜਗਸੀਰ ਸਹੋਤਾ, ਗੁਰਮੁਖ ਸਿੰਘ ਨਥਾਣਾ, ਅਤੇ ਡੀਟੀਐਫ ਆਗੂ ਨਵਚਰਪ੍ਰੀਤ ਕੌਰ ਸਮੇਤ ਹਜਾਰਾਂ ਅਧਿਆਪਕ ਸਰਕਾਰੀ ਹੱਲਿਆਂ ਨੂੰ ਪਛਾੜਨ ’ਚ ਜੁਟੇ ਹੋਏ ਹਨ।