ਸ੍ਰੀ ਮੁਕਤਸਰ ਸਾਹਿਬ, 1 ਸਤੰਬਰ 2020 – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਫ਼ਿਰ ਤੋਂ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਜਰਨੈਲ ਬਿਨ੍ਹਾ ਫੌਜ ਕੋਈ ਵੀ ਲੜਾਈ ਨਹੀਂ ਲੜ ਸਕਦੀ, ਪਰ ਕੋਵਿਡ-19 ਦੇ ਇਸ ਦੌਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਘਰ ਤੋਂ ਬਾਹਰ ਹੀ ਨਹੀਂ ਨਿਕਲੇ। ਸੁਖਬੀਰ ਬਾਦਲ ਨੇ ਕਿਹਾ ਕਿ ਘਰ ਤੋਂ ਬਾਹਰ ਨਿਕਲ ਕੇ ਮੁੱਖ ਮੰਤਰੀ ਪੰਜਾਬ ਦੇ ਹਾਲਾਤ ਵੇਖਣ।
ਬਾਦਲ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਐਨਾ ਬੁਰਾ ਹਾਲ ਹੈ ਕਿ ਲੋਕਾਂ ਨੂੰ ਹਸਪਤਾਲਾਂ ਵਿਚ ਜਗ੍ਹਾ ਹੀ ਨਹੀਂ ਮਿਲ ਰਹੀ, ਜਦੋਂਕਿ ਕਈ ਸੂਬਿਆਂ ਨੇ ਮੈਰਿਜ ਪੈਲੇਸਾਂ ਅਤੇ ਸਟੇਡੀਅਮਾਂ ਨੂੰ ਹਸਪਤਾਲ ਦਾ ਰੂਪ ਦਿੱਤਾ ਹੈ, ਪਰ ਪੰਜਾਬ ਵਿੱਚ ਅਜਿਹਾ ਕੁੱਝ ਨਹੀਂ ਕੀਤਾ ਗਿਆ। ਬਾਦਲ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ’ਚ ਸਿਹਤ ਸੇਵਾਵਾਂ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੋਰੋਨਾ ਦੀ ਰੋਕਥਾਮ ਅਤੇ ਮਰੀਜ਼ਾਂ ਦੀ ਸਾਂਭ-ਸੰਭਾਲ ਕਰਨ ’ਚ ਇਸ ਕਦਰ ਫੇਲ੍ਹ ਚੁੱਕੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨਾ ਕੇਵਲ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਜਾਂ ਇਕਾਂਤਵਾਸ ਕੇਂਦਰਾਂ ’ਚ ਭੇਜਣ ਦੇ ਖ਼ਿਲਾਫ਼, ਬਲਕਿ ਟੈਸਟ ਵਾਸਤੇ ਸੈਂਪਲ ਵੀ ਨਾ ਦੇਣ ਦੇ ਮਤੇ ਪਾਸ ਕਰਨ ਨੂੰ ਮਜ਼ਬੂਰ ਹੋ ਗਈਆਂ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਹਾਂ ਕਿ ਮੀਡੀਆ ਵਿੱਚ ਝੂਠ ਬੋਲ-ਬੋਲ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨਾ ਬੰਦ ਕਰਨ ਅਤੇ ਬਿਨ੍ਹਾਂ ਹੋਰ ਸਮਾਂ ਗੁਆਏ ਸੂਬੇ ਦੇ ਸਿਹਤ ਪ੍ਰਬੰਧਾਂ ਵਿੱਚ ਅਤਿ ਲੋੜੀਂਦੇ ਸੁਧਾਰ ਕਰਨ। ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਜਿਹਾ ਕਰਨ ਤੋਂ ਅਸਮਰੱਥ ਹਨ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ।