ਪਟਿਆਲਾ, 30 ਅਗਸਤ 2020 – ਤਿੰਨ ਵਾਰ ਏਸ਼ੀਅਨ ਖੇਡਾਂ ‘ਚੋਂ ਸੋਨ ਤਗਮੇ ਜਿੱਤਣ ਵਾਲੀ ਅਥਲੀਟ ਮਨਦੀਪ ਕੌਰ ਚੀਮਾ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ‘ਚ ਉਪ ਕਪਤਾਨ ਪੁਲਿਸ (ਡੀ.ਐਸ.ਪੀ.) ਨਿਯੁਕਤ ਕੀਤਾ ਗਿਆ ਹੈ। ਲੰਬੇ ਅਰਸੇ ਤੋਂ ਪਟਿਆਲਾ ਨੂੰ ਆਪਣੀਆਂ ਖੇਡ ਸਰਗਰਮੀਆਂ ਦਾ ਕੇਂਦਰ ਬਣਾਉਣ ਵਾਲੀ ਮਨਦੀਪ ਕੌਰ ਤਰਨਤਾਰਨ ਜਿਲ੍ਹੇ ਦੇ ਪਿੰਡ ਚੀਮਾ ਖੁਰਦ ਦੀ ਜੰਮਪਲ ਹੈ ਅਤੇ ਉਸ ਨੇ ਕੋਚ ਬਲਜਿੰਦਰ ਸਿੰਘ ਕੈਰੋਂ (ਪੰਜਾਬ ਪੁਲਿਸ) ਤੋਂ ਖੇਡ ਸਫਰ ਦੀ ਸ਼ੁਰੂਆਤ ਕੀਤੀ ਸੀ।
400 ਮੀਟਰ ਦੌੜ ਦੀ ਮਾਹਿਰ ਅਥਲੀਟ ਕਈ ਵਾਰ ਕੌਮੀ ਚੈਂਪੀਅਨ ਬਣਨ ਉਪਰੰਤ 4 ਗੁਣਾ 400 ਮੀਟਰ ਰੀਲੇਅ ਦੌੜ ‘ਚ ਤਿੰਨ ਵਾਰ ਏਸ਼ੀਅਨ ਖੇਡਾਂ ‘ਚੋਂ ਸੋਨ ਤਗਮੇ, ਰਾਸ਼ਟਰਮੰਡਲ ਖੇਡਾਂ ‘ਚੋਂ ਸੋਨ ਤਗਮਾ ਤੇ ਏਸ਼ੀਅਨ ਚੈਪੀਅਨਸ਼ਿਪਾਂ ‘ਚੋਂ ਤਗਮੇ ਜਿੱਤ ਚੁੱਕੀ ਹੈ। ਮਨਦੀਪ ਕੌਰ ਉਲੰਪਿਕ ਖੇਡਾਂ ਤੇ ਵਿਸ਼ਵ ਅਥਲੈਟਿਕਸ ਚੈਪੀਅਨਸ਼ਿਪ ‘ਚ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੀ ਹੈ। ਮਨਦੀਪ ਨੇ ਆਪਣੇ ਖੇਡ ਜੀਵਨ ਦੌਰਾਨ ਕੌਮਾਂਤਰੀ ਪੱਧਰ ‘ਤੇ 28 ਤਗਮੇ ਜਿੱਤੇ, ਜਿੰਨ੍ਹਾਂ ‘ਚੋਂ 26 ਸੋਨ ਤਗਮੇ ਹਨ। ਆਪਣੇ ਖੇਡ ਜੀਵਨ ‘ਚ ਬਹੁਤ ਸਾਰੇ ਉਤਰਾਅ ਚੜਾਅ ਆਉਣ ਦੇ ਬਾਵਜ਼ੂਦ ਵੀ ਮਨਦੀਪ ਕੌਰ ਨੇ ਆਪਣੇ-ਆਪ ਨੂੰ ਚੋਟੀ ਦੀ ਅਥਲੀਟ ਸਾਬਤ ਕੀਤਾ ਅਤੇ ਦੇਸ਼ ਦਾ ਕੌਮਾਂਤਰੀ ਖੇਡ ਮੰਚ ‘ਤੇ ਮਾਣ ਵਧਾਇਆ।
ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਜਿਲ੍ਹਾ ਖੇਡ ਅਫਸਰ ਕੁਲਵਿੰਦਰ ਕੌਰ, ਡੀ.ਐਸ.ਓ. ਹਰਪਿੰਦਰ ਸਿੰਘ ਗੱਗੀ (ਮਨਦੀਪ ਕੌਰ ਦੇ ਪਤੀ), ਪ੍ਰੋ. ਸੁਰਿੰਦਰ ਮੰਡ, ਕੋਚ ਸਰੂਪ ਸਿੰਘ ਕੈਰੋਂ ਤੇ ਕੋਚ ਬਲਜਿੰਦਰ ਸਿੰਘ ਕੈਰੋਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਮਨਦੀਪ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕਰਨ ‘ਤੇ ਧੰਨਵਾਦ ਕੀਤਾ ਹੈ।