ਮਾਨਸਾ, 29 ਅਗਸਤ 2020 – ਮਨੁੱਖੀ ਜ਼ਿੰਦਗੀ ਲਈ ਜੀਵਨ ਦਾ ਅਧਾਰ ਪਾਣੀ ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਆਕਲੀਆ ਦੇ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਇਸ ਪਿੰਡ ਵਿਚਲੇ ਜਲ ਘਰ ਨੂੰ ਨਹਿਰੀ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਬੰਦ ਹੋ ਗਈਆਂ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਕੱਢਿਆ ਹੈ। ਹੁਣ ਪਿੰਡ ਬਚਾਓ ਮੰਚ ਨੇ ਮਾਮਲੇ ਨੂੰ ਲੈ ਕੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਕਪਤਾਨੀ ਦਾਅਵਿਆਂ ਦੇ ਬਾਵਜੂਦ ਜਲ ਘਰ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ‘ਚ ਫੇਲ੍ਹ ਸਾਬਤ ਹੋਇਆ ਹੈ। ਇਸ ਇਲਾਕੇ ਦੇ ਧਰਤੀ ਹੇਠਲੇ ਪਾਣੀ ’ਚ ਹਾਨੀਕਾਰਕ ਤੱਤਾਂ ਦੇ ਮਿਸ਼ਰਣ ਹੋਣ ਕਰਕੇ ਲੋਕਾਂ ਦੀ ਜਿੰਦਗੀ ਦਾਅ ਤੇ ਲੱਗੀ ਹੋਈ ਹੈ। ਪਿੰਡ ਵਾਸੀ ਆਖਦੇ ਹਨ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਜੋ ਵਾਅਦੇ ਕੀਤੇ ਸਨ। ਪੂਰੇ ਨਹੀਂ ਹੋਏ ਜਿਸ ਕਰਕੇ ਲੋਕ ਆਪਣੇ ਹੱਥੀਂ ਜਹਿਰ ਪੀ ਰਹੇ ਹਨ। ਮਹੱਤਵਪੂਰਨ ਤੱਥ ਹੈ ਕਿ ਜਲ ਸਪਲਾਈ ਵਿਭਾਗ ਨੇ ਮਸਲੇ ਦੇ ਹੱਲ ਤੋਂ ਪਿੱਠ ਕਰ ਲਈ ਹੈ।
ਸੂਤਰ ਦੱਸਦੇ ਹਨ ਕਿ ਮਸਲਾ ਵੱਡਾ ਨਹੀਂ ਹੈ ਸਿਰਫ ਮਹਿਕਮੇ ਦੀ ਬਾਂਹ ਮਰੋੜਨ ਵਾਲੀ ਨੀਤੀ ਨੇ ਮਸਲੇ ਨੂੰ ਉਲਝਾ ਰੱਖਿਆ ਹੈ । ਪਤਾ ਲੱਗਿਆ ਹੈ ਕਿ ਜਨ ਸਿਹਤ ਵਿਭਾਗ ਨੇ ਪਾਈਪਾਂ ਮੁਰੰਮਤ ਕਰਨ ਲਈ ਪੰਚਾਇਤ ਨੂੰ ਜਲ ਘਰ ਸੰਭਾਲਣ ਦਾ ਮਤਾ ਪਾਉਣ ਲਈ ਆਖਿਆ ਸੀ ਜਿਸ ਬਾਰੇ ਪੰਚਾਇਤ ਨੇ ਅਸਿਹਮਤੀ ਜਤਾ ਦਿੱਤੀ। ਉਸ ਮਗਰੋਂ ਮਹਿਕਮੇ ਨੇ ਪਾਈਪਾਂ ਠੀਕ ਕਰਨ ਵਾਲੇ ਪਾਸਿਓਂ ਮੂੰਹ ਫੇਰ ਲਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਦਾ ਨਿਯਮ ਹੈ ਕਿ ਜਦੋਂ ਤੱਕ ਪੰਚਾਇਤ ਜਲ ਘਰ ਦਾ ਪ੍ਰਬੰਧ ਆਪਣੇ ਹੱਥਾਂ ’ਚ ਨਹੀਂ ਲੈਂਦੀ ਹੈ ਤਾਂ ਉਦੋਂ ਤੱਕ ਮਹਿਕਮਾ ਕੋਈ ਕਾਰਵਾਈ ਨਹੀਂ ਕਰਦਾ ਹੈ। ਲੋਕ ਆਖਦੇ ਹਨ ਕਿ ਕਪਾਹ ਦੀ ਪੈਦਾਵਾਰ ਵਾਲੇ ਇਸ ਖੇਤਰ ਦੇ ਪਾਣੀ ‘ਚ ਭਾਰੇਪਾਣ ਅਤੇ ਖਾਰੇਪਣ ਦੀ ਮਾਤਰਾ ਵੱਧ ਹੈ । ਇਸੇ ਤਰਾਂ ਮੈਗਨੀਸ਼ੀਅਮ, ਕਲੋਰਾਈਡ ਅਤੇ ਹੱਡੀਆਂ ਤੇ ਬੁਰਾ ਪ੍ਰਭਾਵ ਪਾਉਣ ਵਾਲੇ ਫਲੋਰਾਈਡ ਸਮੇਤ ਹੋਰ ਵੀ ਕਈ ਤਰਾਂ ਦੇ ਖਤਰਨਾਕ ਤੱਤ ਤੈਅ ਮਾਪਦੰਡਾਂ ਤੋਂ ਕਾਫੀ ਜਿਆਦਾ ਹਨ।
ਪਿੰਡ ਵਾਸੀ ਭੁਪਿੰਦਰ ਬਿੱਟੂ ਨੇ ਆਖਿਆ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ‘ਤੰਦਰੁਸਤ ਪੰਜਾਬ’ ਮੁਹਿੰਮ ਚਲਾ ਕੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਅਨੇਕਾਂ ਦਾਅਵੇ ਕੀਤੇ ਜਾਂਦੇ ਹਨ ਪਰ ਇਨਾਂ ਦਾਅਵਿਆਂ ਦੀ ਪੋਲ ਵਾਟਰ ਵਰਕਸ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਖੋਲ ਰਹੀਆਂ ਹਨ। ਉਨਾਂ ਆਖਿਆ ਕਿ ਉਹ ਤਾਂ ਪਹਿਲਾਂ ਹੀ ਸਿਹਤ ਸਮੱਸਿਆਵਾਂ ’ਚ ਘਿਰੇ ਹੋਏ ਹਨ ਉੱਪਰੋਂ ਪਾਣੀ ਰੂਪੀ ਨਵੀਂ ਮੁਸਂਬਤ ਆਣ ਖੜੀ ਹੋਈ ਹੈ। ਨੌਜਵਾਨ ਆਗੂ ਸਿਕੰਦਰ ਸਰਾਂ,ਜਗਮਨ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਸਾਫੇ ਸੁਥਰੇ ਪਾਣੀ ਦੀ ਪੂਰਤੀ ਦਾ ਦਰਦ ਹੰਢਾ ਰਹੇ ਹਨ ਪਰ ਉਨਾਂ ਦੇ ਦੁੱਖ ਸੁਨਣ ਵਾਲਾ ਕੋਈ ਨਹੀਂ ਹੈ। ਉਨਾਂ ਆਖਿਆ ਕਿ ਪਿੰਡ ਵਾਸੀਆਂ ਨੂੰ ਸਿਵਾਏ ਦੇ ਲਾਰਿਆਂ ਦੇ ਕੁੱਝ ਵੀ ਹਾਸਲ ਨਹੀਂ ਹੋਇਆ ਹੈ। ਅਜਿਹੇ ਹਾਲਾਤਾਂ ਦਰਮਿਆਨ ਮਾੜੇ ਪਾਣੀ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਮਹਿਕਮੇ ਨੂੰ ਪਤਾ ਹੋਣ ਦੇ ਬਾਵਜੂਦ ਕਾਰਵਾਈ ਨਹੀਂ
ਪਿੰਡ ਬਚਾਓ ਮੰਚ ਦੇ ਅਹੁਦੇਦਾਰ ਗੁਰਵਿੰਦਰ ਸਿੰਘ ਅਤੇ ਗੁਲਾਬ ਸਿੰਘ ਦਾ ਕਹਿਣਾ ਸੀ ਕਿ ਜਲ ਘਰ ਨੂੰ ਨੇੜਿਓਂ ਲੰਘਦੇ ਸੂਏ ’ਚੋਂ ਪਾਣੀ ਸਪਲਾਈ ਲਈ ਕਰੀਬ ਅੱਧਾ ਕਿਲੋਮੀਟਰ ਤੱਕ ਪਾਈਆਂ ਹੋਈਆਂ ਜ਼ਮੀਨਦੋਜ਼ ਪਾਈਪਾਂ ਪਿਛਲੇ ਲੰਬੇ ਸਮੇਂ ਤੋਂ ਬਿਲਕੁਲ ਬੰਦ ਪਈਆਂ ਹਨ ਜਿੰਨਾਂ ਬਾਰੇ ਮਹਿਕਮਾ ਜਾਣੂੰ ਹੈ ਪਰ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਉਨਾਂ ਦੱਸਿਆ ਕਿ ਪਾਈਪਾਂ ਬੰਦ ਹੋਣ ਕਾਰਨ ਨਹਿਰੀ ਪਾਣੀ ਜਲ ਘਰ ਦੀਆਂ ਟੈਂਕੀਆਂ ਤੱਕ ਹੀ ਨਹੀਂ ਆ ਰਿਹਾ ਤਾਂ ਟੂਟੀਆਂ ਰਾਹੀਂ ਹੁਣ ਧਰਤੀ ਹੇਠਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਕਰਕੇ ਲੋਕਾਂ ’ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਮੰਚ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾਂ ਕੀਤਾ ਤਾਂ ਪਿੰਡ ਵਾਸੀ ਸੰਘਰਸ਼ ਵਿੱਢਣਗੇ ਜਿਸ ਦੇ ਸਿੱਟਿਆਂ ਪ੍ਰਤੀ ਸਰਕਾਰ ਜਿੰਮੇਵਾਰ ਹੋਵੇਗੀ।