ਗੁਰਦਾਸਪੁਰ, 27 ਅਗਸਤ 2020- ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਭਾਰਤ ਪਾਕਿਸਤਾਨ ਵਿਚਕਾਰ ਰੁਕਿਆ ਹੋਇਆ ਪੁਲ ਨਿਰਮਾਣ ਕਾਰਜ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਵਿਖਾਈ ਦੇ ਰਹੀ ਹੈ। ਕਿਉਂ ਕਿ ਅੱਜ ਪਾਕਿਸਤਾਨ ਦੀ ਇੱਕ ਚਾਰ ਮੈਂਬਰੀ ਟੀਮ ਵੱਲੋਂ ਨਾ ਸਿਰਫ਼਼ ਇਸ ਪੁਲ ਦਾ ਸਰਵੇ ਕੀਤਾ ਗਿਆ। ਬਲ ਕਿ ਇਸ ਸਬੰਧ ਵਿੱਚ ਜ਼ੀਰੋ ਲਾਈਨ ਤੇ ਭਾਰਤੀ ਅਧਿਕਾਰੀਆਂ ਨਾਲ ਗੱਲ ਬਾਤ ਕਰ ਕੇ ਪੁਲ ਨਿਰਮਾਣ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ।
ਹਾਲਾਂਕਿ ਪਾਕਿਸਤਾਨ ਤਰਫ਼ੋਂ ਆਏ 4 ਲੋਕ ਕੋਈ ਅਫੀਸ਼ੀਅਲ ਅਧਿਕਾਰੀ ਨਹੀਂ ਸਨ। ਬਲ ਕਿ ਇਨ੍ਹਾਂ 4 ਲੋਕਾਂ ਵਿੱਚ ਇੱਕ ਸਰਵੇਅਰ ਅਤੇ ਬਾਕੀ 3 ਉਸ ਦੇ ਸਹਿਯੋਗੀ ਸ਼ਾਮਿਲ ਸੰਨ। ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਸਿਰਫ਼ ਪੁਲ ਨਿਰਮਾਣ ਨੂੰ ਲੈ ਕੇ ਤਕਨੀਕੀ ਗੱਲਾਂ ਹੋਈਆਂ। ਇਸ ਤੋਂ ਇਲਾਵਾ ਹੋਰ ਕਿਸੇ ਮੁੱਦੇ ਜਾਂ ਕਿਸੇ ਫ਼ੈਸਲੇ ਤੇ ਕੋਈ ਗੱਲ ਨਹੀਂ ਹੋਈ।
ਵਧੇਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀ ਜਤਿੰਦਰ ਕੁਮਾਰ ਨੇ ਦੱਸਿਆ। ਕਿ ਕਰਤਾਰਪੁਰ ਕਾਰੀਡੋਰ ਬਣਾਉਣ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸਹਿਮਤੀ ਨਾਲ ਇੱਕ ਪੁਲ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ। ਜੋ ਭਾਰਤੀ ਖੇਤਰ ਤੋਂ ਪਾਕਿਸਤਾਨੀ ਖੇਤਰ ਤੱਕ ਤਿਆਰ ਕੀਤਾ ਜਾਣਾ ਸੀ। ਇਸ ਤੋਂ ਬਾਦ ਭਾਰਤ ਸਰਕਾਰ ਵੱਲੋਂ ਤਾਂ ਆਪਣੀ ਹੱਦ ਤੱਕ ਪੁਲ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਗਿਆ। ਪਰ ਪਾਕਿਸਤਾਨ ਨੇ ਉਸ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਦੇ ਬਾਵਜੂਦ ਰੋਕ ਦਿੱਤਾ।
ਜਤਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਦੀ ਪਾਕਿਸਤਾਨੀ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਾਫ਼ ਜ਼ਾਹਿਰ ਹੋ ਰਿਹਾ ਸੀ। ਕਿ ਪਾਕਿਸਤਾਨ ਇਸ ਵੇਲੇ ਉਸ ਪੁਲ ਨੂੰ ਆਪਣੀ ਤਰਫ਼ੋਂ ਬਣਾਉਣ ਵਿੱਚ ਇੰਟਰਸਿਟੀ ਹੈ ਅਤੇ ਇਸੇ ਕਾਰਨ ਉਸ ਦੀ ਇਹ 4 ਮੈਂਬਰੀ ਸਰਵੇਅਰ ਟੀਮ ਭਾਰਤੀ ਖੇਤਰ ਵਾਲੇ ਪੁਲ ਦਾ ਮੁਆਇੰਨਾ ਕਰਨ ਅਤੇ ਪੁਲ ਨਿਰਮਾਣ ਸਬੰਧੀ ਭਾਰਤੀ ਅਧਿਕਾਰੀਆਂ ਨਾਲ ਤਾਲ ਮੇਲ ਕਰਨ ਲਈ ਆਈ ਸੀ।
ਜਤਿੰਦਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਭਾਰਤ ਵਾਲੇ ਪਾਸੇ ਪਾਕਿਸਤਾਨੀ ਹੱਦ ਤੱਕ ਬਣੇ ਪੁਲ ਉੱਪਰ ਹੋਈ ਅਤੇ ਪਾਕਿਸਤਾਨ ਵੱਲੋਂ ਸਿਰਫ਼ 4 ਸਰਵੇਅਰ ਹੀ ਆਏ ਸਨ। ਨਾ ਕਿ ਕੋਈ ਅਫੀਸ਼ੀਅਲ ਅਧਿਕਾਰੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੁਲ ਨੂੰ ਬਣਾਉਣ ਸਬੰਧੀ ਤਕਨੀਕੀ ਗੱਲਬਾਤ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਏਨਾ ਜ਼ਰੂਰ ਦੱਸਿਆ ਕਿ ਪਾਕਿਸਤਾਨੀ ਸਰਕਾਰ ਵੱਲੋਂ ਉਨ੍ਹਾਂ ਵਾਲੇ ਪਾਸਿਉਂ ਰੁਕੇ ਹੋਏ 260 ਮੀਟਰ ਲੰਮੇ ਪੁਲ ਦਾ ਨਿਰਮਾਣ ਜਲਦ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸਦੇ ਚੱਲੀਏ ਕਿ ਕਰਤਾਰਪੁਰ ਕਾਰੀਡੋਰ ਬਣਾਉਣ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਕਈ ਮੀਟਿੰਗਾਂ ਕਰਨ ਮਗਰੋਂ ਬਾਕੀ ਇਮਾਰਤਾਂ ਦੇ ਨਾਲ ਨਾਲ ਇੱਕ ਪੁਲ ਬਣਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਬਾਦ ਵਿੱਚ ਪਾਕਿਸਤਾਨ ਵੱਲੋਂ ਪੁਲ ਦਾ ਨਿਰਮਾਣ ਕਾਰਜ ਪ੍ਰਾਇਮਰੀ ਪੱਧਰ ਤੇ ਹੀ ਰੋਕ ਦਿੱਤਾ ਗਿਆ। ਜਦੋਂ ਕਿ ਭਾਰਤ ਵੱਲੋਂ ਆਪਣੇ ਕਰਾਰ ਮੁਤਾਬਿਕ ਆਪਣੀ ਹੱਦ ਤੱਕ ਪੁਲ ਦਾ ਨਿਰਮਾਣ ਪੂਰਾ ਕਰ ਲਿਆ ਗਿਆ ਸੀ। ਹੁਣ ਪਾਕਿਸਤਾਨੀ ਸਰਵੇਅਰਾਂ ਦੇ ਭਾਰਤ ਆ ਕੇ ਪੁਲ ਦੇ ਨਿਰਮਾਣ ਸਬੰਧੀ ਮੀਟਿੰਗ ਕਰਨ ਨਾਲ ਉਮੀਦ ਜਾਗੀ ਹੈ ਕਿ ਪਾਕਿਸਤਾਨ ਜਲਦ ਹੀ ਆਪਣੇ ਪਾਸੇ ਵਾਲਾ ਪੁਲ ਜਲਦ ਤਿਆਰ ਕਰਨ ਜਾ ਰਿਹਾ ਹੈ।