ਸ੍ਰੀ ਮੁਕਤਸਰ ਸਾਹਿਬ/ਦੋਦਾ, 26 ਅਗਸਤ 2020 – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪਿੰਡਾਂ ਭਲਾਈਆਣਾ ਤੇ ਧੂਲਕੋਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਭਰਪੂਰ ਕਰਨਾ ਲੋਚਦੀ ਹੈ, ਜਿਸਨੂੰ ਪੰਜਾਬ ਦੇ ਕਿਸਾਨ ਹਰਗਿਜ ਪ੍ਰਵਾਨ ਨਹੀ ਕਰਨਗੇ। ਕਿਸਾਨ ਆਗੂ ਨੇ ਆਖਿਆ ਕਿ ਨਿੱਜੀਕਰਨ ਦੀਆਂ ਨੀਤੀਆਂ ਲੋਕ ਵਿਰੋਧੀ ਹਨ ਜਿਸ ਨਾਲ ਸਰਕਾਰ ਜਨਤਕ ਅਦਾਰਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ।
ਜਥੇਬੰਦੀ ਦੇ ਆਗੂਆਂ ਗੁਰਭਗਤ ਸਿੰਘ ਭਲਾਈਆਣਾ, ਹਰਬੰਸ ਸਿੰਘ ਕੋਟਲੀ ਤੇ ਸੁੱਚਾ ਸਿੰਘ ਕੋਟਭਾਈ ਨੇ ਆਖਿਆ ਕਿ ਸਰਕਾਰ ਕੋਰੋਨਾ ਬਹਾਨੇ ਸੰਘਰਸ਼ਾਂ ’ਤੇ ਰੋਕ ਲਗਾ ਕੇ ਆਪਣੇ ਲੋਕ ਵਿਰੋਧੀ ਮਨਸੂਬੇ ਲਾਗੂ ਕਰਨ ਤੇ ਤੁਲੀ ਹੋਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਤੇ ਰਾਜ ਸਰਕਾਰ ਲੋਕਾਂ ਤੋਂ ਸਿਹਤ, ਸਿੱਖਿਆ ਤੇ ਰੁਜਗਾਰ ਦਾ ਹੱਕ ਖੋਹ ਕੇ ਧ੍ਰੋਹ ਕਮਾ ਰਹੀ ਹੈ। ਕਿਸਾਨਾਂ ਨੂੰ ਸੁਖ ਸਹੂਲਤਾਂ ਦੇਣ ਦੀ ਬਜਾਏ ਕਾਲੇ ਕਾਨੂੰਨਾਂ/ਆਰਡੀਨੈਂਸਾਂ ਪਾਸ ਕਰਕੇ ਖੇਤੀ ਅਰਥ ਚਾਰੇ ਨੂੰ ਤਬਾਹ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸ ਰੱਦ ਕਰਨ, ਡੀਜ਼ਲ-ਪੈਟਰੋਲ ਦਾ ਸਰਕਾਰੀਕਰਨ ਕੀਤੇ ਜਾਣ, ਬਿਜਲੀ ਸੋਧ ਬਿੱਲ 2020 ਤੇ ਭੂਮੀ ਗ੍ਰਹਿਣ ਕਾਨੂੰਨ ਸੋਧ ਖਰੜਾ ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਮੁਆਫ ਕਰਨ, ਝੂਠੇ ਕੇਸਾਂ ਵਿੱਚ ਜੇਲ੍ਹੀਂ ਡੱਕੇ ਬੁੱਧੀਜੀਵੀ/ਲੇਖਕ ਰਿਹਾ ਕਰਨ, ਖੇਤੀ ਲਈ ਡੀਜਲ ਅੱਧੇ ਰੇਟਾਂ ’ਤੇ ਦੇਣ, ਸਬਸਿਡੀਆਂ ਤੇ ਫਸਲਾਂ ਦੀ ਸਰਕਾਰੀ ਖਰੀਦ ਜਾਰੀ ਰੱਖਣ ਤੇ ਮੌਂਟੇਕ ਆਹਲੂਵਾਲੀਆ ਕਮੇਟੀ ਤੇ ਉਸਦੀਆਂ ਸਿਫਾਰਿਸ਼ਾਂ ਰੱਦ ਕਰਨ ਦੀਆਂ ਮੰਗਾਂ ਉਭਾਰੀਆਂ।
ਕਿਸਾਨਾਂ ਦੇ ਧਰਨੇ ਵਿੱਚ ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ, ਟੀ.ਐੱਸ .ਯੂ. ਦੇ ਧਰਮ ਸਿੰਘ ਦੋਦਾ, ਆਰ.ਐਮ.ਪੀ. ਡਾਕਟਰ ਜੱਥੇਬੰਦੀ ਦੇ ਡਾ. ਅੰਮਿ੍ਰਤ ਪਾਲ, ਪਾਵਰ ਕਾਮ ਠੇਕਾ ਮੁਲਾਜਮ ਆਗੂ ਕਰਮਜੀਤ ਸਿੰਘ ਦਿਉਣ ਨੇ ਸਾਥੀਆਂ ਸਮੇਤ ਸਮੂਲੀਅਤ ਕਰਕੇ ਭਰਾਤਰੀ ਹਮਾਇਤ ਦਿੱਤੀ। ਕਿਸਾਨਾਂ ਦੇ ਇਕੱਠਾਂ ਵਿੱਚ ਲੋਕ ਗਾਇਕ ਜਗਸੀਰ ਜੀਦਾ ਨੇ ਆਪਣੇ ਲੋਕ ਪੱਖੀ ਗੀਤਾਂ ਨਾਲ ਹਾਜ਼ਰੀ ਲਵਾਈ। ਰੋਸ ਪ੍ਰਦਰਸਨਾਂ ਵਿੱਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਕੋਟ ਭਾਈ, ਹਰਪਾਲ ਸਿੰਘ, ਜਗਰੂਪ ਸਿੰਘ, ਗੁਰਾਂਦਿੱਤਾ ਸਿੰਘ ਬੁੱਟਰ, ਸੇਵਾ ਸਿੰਘ, ਪਰਮਿੰਦਰ ਖੋਖਰ, ਸਰਦੂਲ ਸਿੰਘ ਤੇ ਮੰਦਰ ਸਿੰਘ ਆਦਿ ਆਗੂ ਵੀ ਮੌਜੂਦ ਸਨ।