ਸਰੀ, 24 ਅਗਸਤ, 2020 -ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਪੰਜਾਬੀ ਦੇ ਮਹਾਨ ਸਾਹਿਤਕਾਰ ਡਾ. ਹਰਿਭਜਨ ਸਿੰਘ ਦੇ 100 ਵੇਂ ਜਨਮ ਦਿਵਸ ‘ਤੇ ਕਰਵਾਏ ਗਏ ਯਾਦਗਾਰੀ ਸ਼ਤਾਬਦੀ ਸਮਾਰੋਹ ਵਿਚ ਪੰਜਾਬੀ ਕਵੀ ਬਿੱਕਰ ਸਿੰਘ ਖੋਸਾ ਅਤੇ ਹਰਦਮ ਸਿੰਘ ਮਾਨ ਨੂੰ ਡਾ. ਹਰਿਭਜਨ ਸਿੰਘ ਯਾਦਗਾਰੀ ਐਵਾਰਡ ਪ੍ਰਦਾਨ ਕੀਤੇ ਗਏ।
ਇਸ ਮੌਕੇ ਸ਼ਾਇਰ ਰਾਜਵੰਤ ਰਾਜ ਨੇ ਬਿੱਕਰ ਸਿੰਘ ਖੋਸਾ ਸਬੰਧੀ ਸਨਮਾਨ ਪੱਤਰ ਪੜ੍ਹਦਿਆਂ ਕਿਹਾ ਕਿ ਖੋਸਾ ਮਾਰਚ 1994 ਵਿਚ ਕੈਨੇਡਾ ਦੇ ਸ਼ਹਿਰ ਸਰੀ ਵਿਚ ਆਏ ਸਨ। ਕਲਮ ਦੇ ਸ਼ਾਹ-ਸਵਾਰ, ਸਿਦਕ ਸਿਰੜ ਦੀ ਮੂਰਤ, ਮੁਹੱਬਤ ਦੇ ਰੰਗ ਬਿਖੇਰਦੇ ਹੋਈ ਆਪਣੀ ਨਿਰਾਲੀ ਸ਼ਵੀ ਨਾਲ ਕਲਮ ਦਾ ਸਫਰ ਉਨ੍ਹਾਂ ਜਾਰੀ ਰੱਖਿਆ। ਉਨ੍ਹਾਂ ਦੀਆਂ ਹੁਣ ਤੱਕ ਤਿੰਨ ਪੁਸਤਕਾਂ, “ਤੇਰੀ ਗਲੀ ਦਾ ਸੂਰਜ” (ਗ਼ਜ਼ਲ ਸੰਗ੍ਰਹਿ), “ਨਿੱਕੀ ਨਿੱਕੀ ਵਾਟ” (ਕਹਾਣੀ ਸੰਗ੍ਰਹਿ) ਅਤੇ “ਪਿੰਡ ਭੋਲੂਵਾਲਾ ਦਾ ਇਤਿਹਾਸ” ਛਪ ਚੁੱਕੀਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਉਹ ਜਨਰਲ ਸਕੱਤਰ ਰਹੇ ਅਤੇ ਵਰਤਮਾਨ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ।
ਹਰਦਮ ਸਿੰਘ ਮਾਨ ਦੇ ਮਾਣ ਵਿਚ ਸਨਮਾਨ ਪੱਤਰ ਪੇਸ਼ ਕਰਦਿਆਂ ਰਾਜਵੰਤ ਰਾਜ ਨੇ ਕਿਹਾ ਕਿ ਸਾਊ ਤੇ ਸੰਜਮੀ ਤਬੀਅਤ ਵਾਲੇ ਹਰਦਮ ਸਿੰਘ ਮਾਨ ਨੇ ਸਥਾਪਤ ਹੋਣ ਦੀ ਜਲਦਬਾਜ਼ੀ ਨਹੀਂ ਕੀਤੀ। ਉਹ ਖਾਮੋਸ਼ੀਆਂ ਵਿਚ ਵਿਚਰਦਾ ਗ਼ਜ਼ਲ ਸਿਰਜਣਾ ਦੇ ਰਾਹ ਪਿਆ ਰਿਹਾ। ਉਸ ਦੀ ਆਸਥਾ ਰੌਸ਼ਨੀ ਤੇ ਮੁਹੱਬਤ ਭਰੇ ਵਾਤਾਵਰਨ ਵਿਚ ਹੈ। ਉਸ ਦਾ ਵਿਸ਼ਵਾਸ ਹੈ ਕਿ ਦੁਸ਼ਵਾਰੀਆਂ ਦੇ ਬਾਵਜੂਦ ਮਨੁੱਖਤਾ ਨੇ ਚੰਗੇਰੇ ਭਵਿੱਖ ਵੱਲ ਅਗਰਸਰ ਹੋਣਾ ਹੀ ਹੋਣਾ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਸੰਪਾਦਿਤ ਕੀਤੇ ਗ਼ਜ਼ਲ ਸੰਗ੍ਰਹਿ “ਕਤਰਾ ਕਤਰਾ ਮੌਤ” ਵਿਚ ਉਸ ਦੀਆਂ 20 ਗ਼ਜ਼ਲਾਂ ਸ਼ਾਮਿਲ ਹਨ। 2013 ਵਿਚ ਉਸ ਦਾ ਇਕ ਗ਼ਜ਼ਲ ਸੰਗ੍ਰਹਿ “ਅੰਬਰਾਂ ਦੀ ਭਾਲ ਵਿਚ” ਪ੍ਰਕਾਸ਼ਿਤ ਹੋ ਚੁੱਕਿਆ ਹੈ।
ਇਸ ਸਨਮਾਨ ਸਮੇਂ ਦੋਹਾਂ ਸ਼ਾਇਰਾਂ ਨੂੰ ਪਲੈਕ, ਸ਼ਾਲ, ਦਸਤਾਰ, ਸਨਮਾਨ ਪੱਤਰ ਅਤੇ ਸਿਰੋਪਾਓ ਦੇਣ ਦੀ ਰਸਮ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਬਾਨੀ ਜੈਤੇਗ ਸਿੰਘ ਅਨੰਤ, ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਸੁਰਿੰਦਰ ਸਿੰਘ ਜੱਬਲ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ, ਐਮ.ਐਲ.ਏ. ਰਚਨਾ ਸਿੰਘ ਅਤੇ ਸਾਬਕਾ ਐਮ.ਐਲ.ਏ. ਦੇਵ ਹੇਅਰ ਨੇ ਅਦਾ ਕੀਤੀ।