ਸਰੀ, 24 ਅਗਸਤ 2020-ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਨਾਮਵਰ ਪੰਜਾਬੀ ਸਾਹਿਤਕਾਰ ਡਾ. ਹਰਿਭਜਨ ਸਿੰਘ ਦਾ 100 ਵਾਂ ਜਨਮ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਮਨਾਇਆ ਗਿਆ।
ਇਸ ਮੌਕੇ ਸਮੂਹ ਪੰਜਾਬੀਆਂ ਨੂੰ ਡਾ. ਹਰਿਭਜਨ ਸਿੰਘ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਗੁਰਦੁਆਰਾ ਸਾਹਿਬ ਬੁਰੱਕਸਾਈਡ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਡਾ. ਸਾਹਿਬ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ 106 ਮਿਆਰੀ ਪੁਸਤਕਾਂ ਰਾਹੀਂ ਲਾਮਿਸਾਲ ਯੋਗਦਾਨ ਪਾਇਆ ਹੈ ਅਤੇ ਪੰਜਾਬੀ ਸਾਹਿਤ ਨੂੰ ਬੇਹੱਦ ਅਮੀਰੀ ਪ੍ਰਦਾਨ ਕੀਤੀ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚ ਜੋ ਮਨੁੱਖੀ ਜੀਵਨ ਅਤੇ ਮਾਨਵੀ ਦਰਦ ਪੇਸ਼ ਕੀਤਾ ਗਿਆ ਹੈ ਉਹ ਸਾਡੇ ਲਈ ਰਾਹ ਦਸੇਰਾ ਹੈ।
ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਬਾਨੀ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਡਾ. ਹਰਿਭਜਨ ਸਿੰਘ ਬਹੁਪੱਖੀ ਸਾਹਿਤਕਾਰ ਸਨ, ਉਹ ਕਵੀ, ਵਿਦਵਾਨ, ਚਿੰਤਕ, ਆਲੋਚਕ, ਅਨੁਵਾਦਕ ਅਤੇ ਉਚਕੋਟੀ ਦੇ ਅਧਿਆਪਕ ਸਨ ਅਤੇ ਉਨ੍ਹਾਂ ਦੀ ਰਹਿਨੁਮਾਈ ਤਹਿਤ 30 ਤੋਂ ਸਿੱਖਿਆਰਥੀਆਂ ਨੇ ਪੀ.ਐਚ.ਡੀ. ਕੀਤੀ। ਉਨ੍ਹਾਂ ਦੀ ਮਹਾਨ ਸਾਹਿਤਕ ਦੇਣ ਸਦਕਾ ਉਨ੍ਹਾਂ ਨੂੰ ਸਾਹਿਤ ਦੇ ਸਰਬਉੱਚ ਕੌਮੀ ਐਵਾਰਡਾਂ ਨਾਲ ਨਿਵਾਜਿਆ ਗਿਆ। ਉਹ ਪੰਜਾਬੀ, ਅੰਗਰੇਜ਼ੀ, ਹਿੰਦੀ ਅਤੇ ਉਰਦੂ ਦੇ ਗਿਆਤਾ ਸਨ। ਪੰਜਾਬੀ ਕੌਮ ਰਤਨ, ਹੀਰੇ ਅਤੇ ਅਜ਼ੀਮ ਹਸਤੀ ਡਾ. ਹਰਿਭਜਨ ਸਿੰਘ ਉਪਰ ਪੰਜਾਬੀਆਂ ਨੂੰ ਹਮੇਸ਼ਾ ਫ਼ਖ਼ਰ ਰਹੇਗਾ।
ਇਸ ਮੌਕੇ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਕੱਟਿਆ ਗਿਆ ਅਤੇ ਕੇਕ ਕੱਟਣ ਦੀ ਰਸਮ ਡਾ. ਹਰਿਭਜਨ ਸਿੰਘ ਦੀਆਂ ਦੋਹਤੀਆਂ ਜੈਤਿਕਾ ਸਿੰਘ ਅਤੇ ਐਸ਼ੀਆ ਸਿੰਘ, ਸ਼ਾਇਰ ਬਿੱਕਰ ਸਿੰਘ ਖੋਸਾ, ਜੈਤੇਗ ਸਿੰਘ ਅਨੰਤ ਅਤੇ ਸੁਰਿੰਦਰ ਸਿੰਘ ਜੱਬਲ ਨੇ ਅਦਾ ਕੀਤੀ।
ਇਸ ਸੰਖੇਪ ਸਮਾਗਮ ਵਿਚ ਗੁਰਦੁਆਰਾ ਸਾਹਿਬ ਦੇ ਕਾਰਜਕਾਰੀ ਮੈਂਬਰ ਅਤੇ ਸਾਹਿਤਕ ਪ੍ਰੇਮੀ ਸ਼ਾਮਲ ਹੋਏ।