ਬਠਿੰਡਾ, 22 ਅਗਸਤ 2020 – ਖਜਾਨਾ ਮੰਤਰੀ ਮਨਪ੍ਰੀਤ ਦੇ ਦਫਤਰ ਬਠਿੰਡਾ ਅੱਗੇ 25 ਅਗਸਤ ਨੂੰ ਮਾਈਕਰੋ ਫਾਈਨਾਸ ਕੰਪਨੀਆਂ ਸਮੇਤ ਮਜਦੂਰਾਂ ਦੇ ਸਾਰੇ ਕਰਜ਼ੇ ਮਾਫ਼ ਕਰਵਾਉਣ,ਉੱਚੀਆਂ ਵਿਆਜ ਦਰਾਂ ਰਾਹੀ ਹੁੰਦੀ ਔਰਤਾਂ ਦੀ ਅੰਨੀ ਲੁੱਟ ਨੂੰ ਖਤਮ ਕਰਵਾਉਣ,ਮਜਦੂਰਾਂ ਨੂੰ ਸਰਕਾਰੀ ਬੈਂਕਾਂ ਤੋਂ ਸਸਤੀਆਂ ਵਿਆਜ ਦਰਾਂ ਤੇ ਕਰਜ਼ੇ ਲੈਣ,10-10 ਪਲਾਟ ਅਤੇ ਘਰੇਲੂ ਬਿਜਲੀ ਬਿਲ ਮਾਫ਼ ਕਰਵਾਉਣ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿੰਡ ਚਾਉਕੇ ਵਿੱਚ ਮਜਦੂਰਾਂ ਦੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਮਾਈਕਰੋ ਫਾਈਨਾਸ਼ ਕੰਪਨੀਆਂ ਵੱਲੋਂ ਖੇਤ ਮਜਦੂਰ ਔਰਤਾਂ ਨੂੰ ਦਿੱਤੇ ਕਰਜ਼ਿਆਂ ਦੀਆਂ ਗਲ ਵੱਢਵੀਆਂ ਵਿਆਜ ਦਰਾਂ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਇਨਾਂ ਕੰਪਨੀਆਂ ਵੱਲੋਂ ਸ਼ਨਾਖਤ ਦੇ ਨਾਂ ਹੇਠ ਔਰਤਾਂ ਕੋਲੋ ਧੋਖੇ ਨਾਲ ਆਧਾਰ ਕਾਰਡ ਅਤੇ ਬੈਂਕਾਂ ਦੇ ਚੈਕ ਲੈ ਰੱਖੇ ਹਨ ਜਿੰਨ੍ਹਾਂ ਦੇ ਸਿਰ ਤੇ ਹੁਣ ਕੰਪਨੀਆਂ ਇਨਾਂ ਔਰਤਾਂ ਨੂੰ ਧਮਕੀਆਂ ਦੇ ਰਹੀਆਂ ਹਨ ਕਿ ਜੇਕਰ ਕਿਸ਼ਤਾਂ ਨਾ ਭਰੀਆਂ ਤਾਂ ਤੁਹਾਡਾ ਘਰੇਲੂ ਸਮਾਨ ਚੁੱਕ ਲੈ ਜਾਵਾਗੇ । ਉਨ੍ਹਾਂ ਕਾਂਗਰਸ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਇਹ ਸਾਰਾ ਕੁੱਝ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਹੈ ਕਿਉਂਕਿ ਰਿਜ਼ਰਵ ਬੈਂਕ ਵੱਲੋਂ 31 ਅਗਸਤ ਤੱਕ ਕਿਸ਼ਤਾਂ ਨਾ ਭਰਾਉਣ ਦੀ ਲਾਈ ਪਾਬੰਦੀ ਦੇ ਬਾਵਜੂਦ ਕੰਪਨੀਆਂ ਦੇ ਕਰਿੰਦੇ ਔਰਤਾਂ ਨੂੰ ਕਿਸ਼ਤਾਂ ਭਰਨ ਦੀਆਂ ਧਮਕੀਆਂ ਦੇ ਰਹੇ ਹਨ ਪਰ ਸਰਕਾਰ ਵੱਲੋਂ ਇਨਾਂ ਤੇ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਸਕਰਾਰ ਕੋਰੋਨਾ ਦੇ ਬਹਾਨੇ ਲੋਕਾਂ ਦੇ ਬੋਲਣ ਅਤੇ ਸੰਘਰਸ਼ ਕਰਨ ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ । ਇਸ ਮੀਟਿੰਗ ਵਿੱਚ ਪਹੁੰਚੇ ਭਰਾਤਰੀ ਜੱਥੇਬੰਦੀ ਦੇ ਆਗੂ ਬਲਦੇਵ ਸਿੰਘ ਚਾਉਕੇ ਨੇ ਮਜਦੂਰਾਂ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ । ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਮੋਦੀ ਦੀ ਹਕੂਮਤ ਵੱਲੋਂ ਬੁੱਧੀਜੀਵੀਆਂ,ਪੱਤਰਕਾਰਾਂ, ਲੇਖਕਾਂ, ਸੰਘਰਸ਼ਸ਼ੀਲ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਜੇਲ੍ਹਾਂ ਅੰਦਰ ਬੰਦ ਕਰਨ ਦੀ ਤਿੱਖੀ ਆਲੋਚਨਾਂ ਕਰਦਿਆਂ ਸਾਰਿਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਹਾਜਰ ਮਜਦੂਰਾਂ ਨੇ ਪਰਿਵਾਰਾਂ ਸਮੇਤ ਬਠਿੰਡੇ ਦੇ ਧਰਨੇ ਵਿੱਚ ਜਾਣ ਦਾ ਫੈਸਲਾ ਕੀਤਾ । ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਰਾਜਿੰਦਰ ਸਿੰਘ, ਜਗਤਾਰ ਸਿੰਘ ਜੱਗਾ ਤੇ ਹਰਨੇਕ ਸਿੰਘ ਆਦਿ ਆਗੂ ਵੀ ਸ਼ਾਮਲ ਸਨ।