ਸਰੀ, 17 ਅਗਸਤ 2020 : ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਨਾਮਵਰ ਵਿਦਵਾਨ ਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਡਾ. ਹਰਿਭਜਨ ਸਿੰਘ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਸ਼ਤਾਬਦੀ ਸਮਾਰੋਹ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਕਰਵਾਇਆ ਗਿਆ ਜਿਸ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਡਾ. ਹਰਿਭਜਨ ਸਿੰਘ ਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤੀ ਜਾਵੇ। ਇਕ ਦੂਸਰੇ ਮਤੇ ਰਾਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਮੰਗ ਕੀਤੀ ਗਈ ਕਿ ਡਾ. ਹਰਿਭਜਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਜਾਵੇ।
ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਸਮਾਰੋਹ ਵਿਚ ਹਾਜਰ ਪੰਜਾਬੀ ਹਿਤੈਸ਼ੀਆਂ ਨੂੰ ਜੀ ਆਇਆਂ ਕਿਹਾ ਅਤੇ ਡਾ. ਹਰਿਭਜਨ ਸਿੰਘ ਦੇ ਜੀਵਨ ਅਤੇ ਸਾਹਿਤਕ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕੋਵਿਡ-19 ਨੂੰ ਧਿਆਨ ਵਿਚ ਰਖਦਿਆਂ ਸਮਾਗਮ ਦੀ ਹਾਜਰੀ 50 ਜਣਿਆਂ ਤੱਕ ਸੀਮਤ ਰੱਖਣ ਦੀ ਗੱਲ ਵੀ ਕਹੀ।
ਸਮਾਗਮ ਦੇ ਮੁੱਖ ਬੁਲਾਰੇ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਫਾਊਂਡਰ ਜੈਤੇਗ ਸਿੰਘ ਅਨੰਤ ਨੇ ਡਾ. ਹਰਿਭਜਨ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਦੇ ਖੂਬਸੂਰਤ ਪੱਖਾਂ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਡਾਕਟਰ ਹਰਿਭਜਨ ਸਿੰਘ ਸਰਬ ਕਲਾ ਸੰਪੰਨ ਅਕਾਦਮੀਸ਼ਨ, ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਫਾਰਸੀ ਦੇ ਗਿਆਤਾ, ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ, ਮਹਾਨ ਚਿੰਤਕ, ਸਫ਼ਲ ਅਧਿਆਪਕ, ਚੋਟੀ ਦੇ ਸਮੀਖਿਆਕਾਰ ਅਤੇ ਉੱਚ ਪਾਏ ਦੇ ਅਨੁਵਾਦਕ ਸਨ। ਉਨ੍ਹਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿੱਚ 106 ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਉਹ ਸਹੀ ਅਰਥਾਂ ਵਿਚ ਇਕ ਯੁਗ ਪੁਰਸ਼, ਰੌਸ਼ਨ ਮੀਨਾਰ, ਪੰਜਾਬੀ ਕੌਮ ਦੀ ਬੇ-ਨਿਆਜ਼ ਹਸਤੀ ਅਤੇ ਕੋਹਿਨੂਰ ਹੀਰਾ ਸਿੰਘ ਸਨ। ਸ. ਅਨੰਤ ਨੇ ਇਸ ਮੌਕੇ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਪੋ ਆਪਣੀਆਂ ਸੰਸਥਾਵਾਂ, ਅਕੈਡਮੀਆਂ, ਸਾਹਿਤਕ ਸਭਾਵਾਂ, ਜਥੇਬੰਦੀਆਂ ਰਾਹੀਂ ਮਹਾਨ ਸਾਹਿਤਕਾਰ ਡਾ. ਹਰਿਭਜਨ ਸਿੰਘ ਦੀ ਯਾਦ ਵਿਚ ਥਾਂ ਥਾਂ ਸਮਾਗਮ ਕਰ ਕੇ ਆਪਣੇ ਗੌਰਵਮਈ ਸਾਹਿਤ, ਸੱਭਿਆਚਾਰ ਅਤੇ ਵਿਰਸੇ ਨਾਲ ਆਮ ਲੋਕਾਂ ਨੂੰ ਜੋੜਣ ਦਾ ਯਤਨ ਕੀਤਾ ਜਾਵੇ।