ਲੁਧਿਆਣਾ, 14 ਅਗਸਤ 2020 – ਲੁਧਿਆਣਾ ਦੇ ਵਿੱਚ ਲਗਦੇ ਕਸਬਾ ਡੇਹਲੋਂ ਦੇ ਪਿੰਡ ਖ਼ਾਨਪੁਰ ਵਿੱਚ ਰਹਿ ਰਹੇ ਡੇਰੇ ਦੇ ਬਜ਼ੁਰਗ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਰਾਜ਼ੀ ਕਰਵਾਉਣ ਪੁੱਜੇ ਸਿਹਤ ਵਰਕਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਸਿਹਤ ਵਰਕਰ ਦੀ ਪੱਗ ਤੱਕ ਖੁੱਲ੍ਹ ਗਈ। ਉਸ ਨਾਲ ਨਾ ਸਿਰਫ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਸਗੋਂ ਉਸ ਨੂੰ ਬੰਧਕ ਵੀ ਬਣਾ ਲਿਆ ਗਿਆ। ਪਰ ਸਿਹਤ ਮਹਿਕਮੇ ਦੀ ਟੀਮ ਵੱਲੋਂ ਜਾ ਕੇ ਪੀੜਤ ਵਰਕਰ ਨੂੰ ਛੁਡਵਾਇਆ ਗਿਆ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ 3 ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਹੈਲਥ ਵਰਕਰ ਦੀ ਕੁੱਟਮਾਰ ਕਰਨ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਿਹਤ ਮਹਿਕਮੇ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ, ਪੀੜਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ‘ਚ ਦਾਖਲ ਮਸਤਾਨ ਸਿੰਘ ਨੇ ਦੱਸਿਆ ਕਿ ਉਹ ਸਬ ਸੈਂਟਰ ਜਰਖੜ ਸਥਿਤ ਮਲਟੀਪਰਪਜ਼ ਹੈਲਥ ਵਰਕਰ ਦੇ ਤੌਰ ‘ਤੇ ਕੰਮ ਕਰਦਾ ਹੈ ਅਤੇ ਬੀਤੇ ਦਿਨੀਂ ਡਾਕਟਰ ਅੰਮ੍ਰਿਤ ਅਰੋੜਾ ਦੇ ਕਹਿਣ ‘ਤੇ ਉਹ ਪਿੰਡ ਖਾਨਪੁਰ ਵਿੱਚ ਸਥਿਤ ਡੇਰੇ ਅੰਦਰ ਸ਼ੱਕੀਆਂ ਨੂੰ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਕਹਿਣ ਗਏ ਸਨ ਜਿੱਥੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਬੰਦੀ ਬਣਾ ਲਿਆ ਗਿਆ।
ਜਦਕਿ ਦੂਜੇ ਪਾਸੇ ਸੀ ਐਚ ਸੀ ਡੇਹਲੋਂ ਡਾਕਟਰ ਅੰਮ੍ਰਿਤਾ ਅਰੋੜਾ ਨੇ ਦੱਸਿਆ ਕਿ ਮਸਤਾਨ ਸਿੰਘ ਫੀਲਡ ਹੈਲਥ ਵਰਕਰ ਦੇ ਵਜੋਂ ਕੰਮ ਕਰਦਾ ਹੈ। ਉਸ ਨੂੰ ਬੀਤੇ ਦਿਨ ਉਨ੍ਹਾਂ ਵੱਲੋਂ ਹੀ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਦੂਜੇ ਪਾਸੇ ਸਬ ਸੈਂਟਰ ‘ਚ ਤੈਨਾਤ ਦੂਜੀ ਹੈਲਥ ਵਰਕਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ‘ਤੇ ਜਾ ਕੇ ਬੜੀ ਮੁਸ਼ਕਿਲ ਦੇ ਨਾਲ ਮਸਤਾਨ ਨੂੰ ਛੁਡਵਾਇਆ ਗਿਆ।
ਉੱਧਰ ਦੂਜੇ ਪਾਸੇ ਥਾਣਾ ਡੇਹਲੋਂ ਦੇ ਇਹ ਐਸ ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿੰਨ ਮੁਲਜ਼ਮਾਂ ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੀੜਤ ਦੇ ਬਿਆਨ ਵੀ ਲੈ ਲਏ ਗਏ ਹਨ ਜਿਸਦੇ ਅਧਾਰ ਤੇ ਮੁਲਜ਼ਮਾਂ ਤੇ ਕਾਰਵਾਈ ਕੀਤੀ ਜਾਵੇਗੀ।
ਜ਼ਿਕਰੇ-ਖਾਸ ਹੈ ਕਿ ਇੱਥੇ ਲੁਧਿਆਣਾ ਦੇ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਅਪਣੇ ਪੈਰ ਪਸਾਰ ਦੀ ਜਾ ਰਹੀ ਹੈ ਅਤੇ ਉੱਥੇ ਹੀ ਫ਼ਰੰਟ ਲਾਈਨ ‘ਤੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਰਾਜ਼ੀ ਕਰਨ ਵਾਲੇ ਹੈਲਥ ਵਰਕਰਾਂ ਦੇ ਨਾਲ ਅਜਿਹੇ ਸਲੂਕ ਦੀ ਵੀਡੀਓ ਸਾਹਮਣੇ ਆਉਣਾ ਬਹੁਤ ਹੀ ਨਿੰਦਣਯੋਗ ਹੈ।