ਫਾਜ਼ਿਲਕਾ, 12 ਅਗਸਤਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਪਿੰਡਾਂ ਦੇ ਸੁੰਦਰੀਕਰਨ ਤੇ ਦਿਖ ਨੂੰ ਸੁਧਾਰਨ ਦੇ ਮੱਦੇਨਜਰ ਸਰਕਾਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਤਹਿਤ ਸਮਾਰਟ ਵਿਲੇਜ ਸਕੀਮ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਜ਼ਿਲੇ ਦੀਆਂ ਗ੍ਰਾਮ ਪੰਚਾਇਤਾਂ ਨੂੰ 44 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਸਰਕਾਰ ਪਿੰਡਾਂ ਦਾ ਵਿਕਾਸ ਕਰਨ ਲਈ ਵਿਸ਼ੇਸ਼ ਤਵਜੋਂ ਦੇ ਰਹੀ ਹੈ। ਉਨਾਂ ਕਿਹਾ ਕਿ ਵਿਭਾਗਾਂ ਤੇ ਪੰਚਾਇਤਾਂ ਵੱਲੋਂ ਗ੍ਰਾਂਟਾਂ ਦੀ ਪਾਰਦਰਸ਼ਤਾ ਨਾਲ ਵਰਤੋਂ ਕਰਦੇ ਹੋਏ ਵਿਕਾਸ ਕਾਰਜਾਂ ਨੂੰ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਨਵਲ ਰਾਮ ਨੇ ਦੱਸਿਆ ਕਿ ਸਮਾਰਟ ਵਿਲੇਜ ਸਕੀਮ ਤਹਿਤ ਅਬੋਹਰ ਬਲਾਕ ਨੂੰ 12 ਕਰੋੜ 66 ਲੱਖ, ਜਲਾਲਾਬਾਦ ਬਲਾਕ ਨੂੰ 10 ਕਰੋੜ 43 ਲੱਖ, ਫ਼ਾਜ਼ਿਲਕਾ ਬਲਾਕ ਨੂੰ 5 ਕਰੋੜ 83 ਲੱਖ, ਖੂਈਆਂ ਸਰਵਰ ਬਲਾਕ ਨੂੰ 10 ਕਰੋੜ 72 ਲੱਖ ਅਤੇ ਅਰਨੀਵਾਲਾ ਸ਼ੇਖ ਸੁਭਾਨ ਨੂੰ 4 ਕਰੋੜ 35 ਲੱਖ ਦੀ ਰਾਸ਼ੀ 14ਵੇਂ ਵਿਤ ਕਮਿਸ਼ਨ ਅਧੀਨ ਦਿੱਤੀ ਗਈ ਹੈ ਜਿਸ ਨਾਲ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਹੋਰ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਵਿਕਾਸ ਕਾਰਜਾਂ ਵਿੱਚ ਜਿਵੇਂ ਸੋਲਰ ਲਾਈਟਾਂ ਲਗਾਉਣ ਦਾ ਕੰਮ, ਗਲੀਆਂ-ਨਾਲੀਆਂ ਬਣਾਉਣ ਦਾ ਕੰਮ, ਸ਼ਮਸ਼ਾਨ ਘਾਟ ਵਿਚ ਲੋੜੀਂਦੇ ਕੰਮ, ਛੱਪੜਾਂ ਦੀ ਸਫਾਈ, ਜਿੰਮ, ਸਰਕਾਰੀ ਸਕੂਲਾਂ ਦੀ ਚਾਰ ਦੀਵਾਰੀ, ਪੰਚਾਇਤ ਘਰਾਂ ਦਾ ਨਵੀਨੀਕਰਨ, ਪਿੰਡਾਂ ਵਿਚ ਧਰਮਸ਼ਾਲਾ ਦੀ ਉਸਾਰੀ, ਆਂਗਣਵਾੜੀ ਵਰਕਰਾਂ ਲਈ ਬਿਲਡਿੰਗਾਂ ਦੀ ਉਸਾਰੀ, ਸਾਫ-ਸੁਥਰੇ ਪਾਣੀ ਲਈ ਆਰ.ਓ ਸਿਸਟਮ ਲਗਾਉਣ ਦਾ ਪ੍ਰਬੰਧ, ਖੇਡ ਮੈਦਾਨ ਬਣਾਉਣ ਆਦਿ ਹੋਰ ਕੰਮ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਮਿਸਾਲ ਵਜੋਂ ਬਲਾਕ ਜਲਾਲਾਬਾਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਸਤੂ ਵਾਲਾ ਵਿਖੇ 5 ਲੱਖ ਦੀ ਲਾਗਤ ਨਾਲ ਸਕੂਲ ਦੀ ਚਾਰ-ਦੀਵਾਰੀ ਕਰਨ ਦੇ ਨਾਲ-ਨਾਲ ਇੰਟਰਲੋਕਿੰਗ ਟਾਈਲਾਂ ਆਦਿ ਹੋਰ ਕੰਮ ਕੀਤੇ ਗਏ ਹਨ ਜਿਸ ਨਾਲ ਸਕੂਲ ਦੀ ਦਿਖ ਬਦਲ ਗਈ ਹੈ। ਇਸ ਤੋਂ ਇਲਾਵਾ ਪਿੰਡ ਰਾਜਪੁਰਾ ਸੜੀਆਂ ਵਿਖੇ ਲਗਭਗ 5 ਲੱਖ ਦੀ ਲਾਗਤ ਨਾਲ ਲਾਇਬੇ੍ਰਰੀ ਕਮਿਉਨਿਟੀ ਹਾਲ ਦਾ ਨਿਰਮਾਣ ਕੀਤਾ ਗਿਆ ਹੈ ਜਿਸ ’ਤੇ ਪਿੰਡ ਦੇ ਨੌਜਵਾਨ ਜਾ ਕ ਆਪਣੇ ਗਿਆਨ ਵਿਚ ਵਾਧਾ ਕਰਦੇ ਹਨ ਅਤੇ ਕਿਤਾਬਾਂ, ਅਖਬਾਰਾਂ ਤੇ ਮੈਗਜੀਨਾਂ ਆਦਿ ਪੜ ਸਕਦੇ ਹਨ।