ਫਰੀਦਕੋਟ, 2 ਅਗਸਤ 2020 – ਫਰੀਦਕੋਟ ਦੇ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਫਰੀਦਕੋਟ ਸ਼ਹਿਰ ਵਿੱਚ ਚੱਲ ਰਹੇ 125 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਤੋਂ ਇਲਾਵਾ ਸਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਸ਼ਹਿਰ ਦੇ ਵਿਕਾਸ ਤੇ 11 ਕਰੋੜ ਰੁਪਏ ਖਰਚ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੀ ਕਿਸ਼ਤ ਵਜੋਂ ਨਗਰ ਕੌਂਸਲ ਫਰੀਦਕੋਟ ਨੂੰ 2 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਜਿਸ ਨਾਲ ਸੜਕਾਂ, ਫੁੱਟਪਾਥ, ਗਰਿੱਲਾਂ, ਡਵਾਈਡਰ ਆਦਿ ਦੇ ਕੰਮ ਜੰਗੀ ਪੱਧਰ ਤੇ ਜਾਰੀ ਹਨ ਅਤੇ ਕਫੀ ਕੰਮ ਹੋ ਚੁੱਕੇ ਹਨ।
ਇਨ੍ਹਾਂ ਵਿੱਚ ਸਰਕੂਲਰ ਰੋਡ ਤੇ ਗਰਿੱਲਾਂ ਲਗਾਉਣ ਦਾ ਕੰਮ, ਡਵਾਈਡਰ, ਸ਼ਹਿਰ ਦੀਆਂ ਮੁੱਖ ਸੜਕਾਂ ਨਹਿਰੂ ਸਾਪਿੰਗ ਸੈਂਟਰ, ਡੋਗਰ ਬਸਤੀ ਮੇਨ ਰੋਡ , ਪੁਰਾਣੀ ਕੈਂਟ ਰੋਡ, ਮਾਲ ਰੋਡ ਤੇ ਪ੍ਰੀਮਿਕਸ ਪਵਾਈ ਗਈ। ਉਨ੍ਹਾਂ ਦੱਸਿਆ ਕਿ ਹੁਣ ਇਸ ਸਰਕੂਲਰ ਰੋਡ ਤੇ ਬਰਮਾ ਤੇ ਇੰਟਰਲਾਕਿੰਗ ਦਾ ਕੰਮ ਜੰਗੀ ਪੱਧਰੀ ਤੇ ਜਾਰੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਦੂਜੇ ਪੜਾਅ ਵਿੱਚ ਨਗਰ ਕੌਂਸਲ ਫਰੀਦਕੋਟ ਨੂੰ 9 ਕਰੋੜ ਰੁਪਏ ਪ੍ਰਾਪਤ ਹੋਣਗੇ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਵਿੱਚ ਸ਼ਹਿਰ ਦੇ ਗੰਦੇ ਨਾਲੇ ਨੂੰ ਢੱਕਿਆ ਜਾਵੇਗਾ, ਕੋਟਕਪੂਰਾ-ਤਲਵੰਡੀ ਬਾਈਪਾਸ ਤੇ ਲਾਈਟਾਂ ਲੱਗਣਗੀਆਂ। ਨਹਿਰਾਂ ਤੋਂ ਮਾਈ ਗੋਦੜੀ ਤੱਕ ਨਵੀਆਂ ਸਟਰੀਟ ਲਾਈਟਾਂ, ਸ਼ਹਿਰ ਦੇ ਮੁੱਖ ਚੌਕਾਂ ਵਿੱਚ ਹਾਈ ਮਾਸਕ ਲਾਈਟਾਂ ਸਮੇਤ ਵੱਡੀ ਪੱਧਰ ਤੇ ਵਿਕਾਸ ਕਾਰਜ ਹੋਣਗੇ। ਸਾਦਿਕ ਚੌਕ ਤੋਂ ਰੇਲਵੇ ਸਟੇਸ਼ਨ ਤੋਂ ਫਲਾਈ ਓਵਰ ਤੱਕ ਫੁੱਟਪਾਥ ਬਣਾਏ ਜਾਣ ਸਮੇਤ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਤੋਂ ਇਲਾਵਾ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ।