ਫ਼ਤਹਿਗੜ੍ਹ ਸਾਹਿਬ , 1 ਅਗਸਤ 2020 – ਅਮਰ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਜੀਵਨ ਅਤੇ ਸ਼ਾਹਦਤ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸ਼ਹੀਦ ਦੇ ਸਮਾਰਕ ਉੱਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਜੀਵਨ ਤੋਂ ਅਜੋਕਾ ਨੌਜਵਾਨ ਵਰਗ ਸਿੱਖਿਆ ਲੈ ਸਕਦਾ ਹੈ ਕਿ ਕਿਸ ਤਰ੍ਹਾਂ ਆਪਣੇ ਮਕਸਦ ਦੀ ਪ੍ਰਾਪਤੀ ਲਈ ਇਕਾਗਰ ਮਨ ਨਾਲ ਲਗਾਤਾਰ ਮਿਹਨਤ ਕੀਤੀ ਜਾਂਦੀ ਹੈ। ਨਾਗਰਾ ਨੇ ਕਿਹਾ ਕਿ ਜਲਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਦੇ ਬਾਰੇ ਅੰਗਰੇਜਾਂ ਵੱਲੋਂ ਜੋ ਆਂਕੜੇ ਜਾਰੀ ਕੀਤੇ ਗਏ ਸਨ, ਅਸਲ ਵਿੱਚ ਕਿਤੇ ਵੱਡੀ ਗਿਣਤੀ ਵਿੱਚ ਲੋਕ ਜ਼ਿਲ੍ਹਿਆ ਵਾਲੇ ਬਾਗ ਵਿੱਚ ਸ਼ਹੀਦ ਹੌਏ ਸਨ। ਅਜਿਹੇ ਵਿੱਚ ਸ਼ਹੀਦ ਉਧਮ ਸਿੰਘ ਨੇ ਹਜਾਰਾਂ ਭਾਰਤੀਆਂ ਤੇ ਹੋਏ ਜੁਲਮ ਦਾ ਬਦਲਾ ਲਿਆ ਸੀ।
ਸ਼ਹੀਦੀ ਦਿਵਸ ਮੌਕੇ ਬੂਟੇ ਲਗਾਉਣ ਦੇ ਨਾਲ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ 3250 ਮਾਸਕ ਲੋਕਾਂ ਵਿੱਚ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਮਾਸਕ ਘਰਾਂ ਤੋਂ ਨਾ ਨਿਕਲਿਆ ਜਾਵੇ । ਵਿਧਾਇਕ ਨੇ ਕਿਹਾ ਕਿ ਸਮਾਜਿਕ ਵਿੱਥ ਦੇ ਨਾਲ ਜੇਕਰ ਮਾਸਕ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਨਾਗਰਾ ਨੇ ਕਿਹਾ ਕਿ ਸਰਕਾਰ ਵੱਲੋਂ ਜਿਲ੍ਹੇ ਵਿੱਚ ਤੀਹ ਹਜ਼ਾਰ ਮਾਸਕ ਵੰਡੇ ਜਾਣੇ ਹਨ। ਜਿਸਦੇ ਨਾਲ ਹਰ ਗਰੀਬ ਕੋਲ ਮਾਸਕ ਹੋਵੇਗਾ ਅਤੇ ਉਸਨੂੰ ਮਹਾਮਾਰੀ ਤੋਂ ਬਚਾਇਆ ਜਾ ਸਕੇਗਾ। ਨਾਗਰਾ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਹਰ ਪੁਲਿਸ ਨਾਕੇ ਉੱਤੇ ਮਾਸਕ ਰੱਖੇ ਜਾਣਗੇ, ਜਿਸਦੇ ਨਾਲ ਕਾਨੂੰਨ ਦੀ ਪਾਲਣਾ ਨਾ ਕਰਣ ਵਾਲਿਆਂ ਉੱਤੇ ਜੁਰਮਾਨਾ ਕਰਣ ਤੋਂ ਇਲਾਵਾ ਉਨ੍ਹਾਂ ਨੂੰ ਮਾਸਕ ਵੀ ਉਪਲੱਬਧ ਕਰਵਾਏ ਜਾਣ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮ੍ਰਿਤ ਕੌਰ ਗਿੱਲ, ਐਸ ਐਸ ਪੀ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ ਪੀ ਐਚ ਨਵਨੀਤ ਸਿੰਘ ਵਿਰਕ,ਐਸ ਡੀ ਐਮ ਸੰਜੀਵ ਕੁਮਾਰ, ਤਹਿਸੀਲਦਾਰ ਗੁਰਜਿੰਦਰ ਸਿੰਘ,ਐਕਸੀਅਨ ਪੰਚਾਇਤੀ ਰਾਜ ਜਸਬੀਰ ਸਿੰਘ , ਡੀ ਐਸ ਪੀ ਫਤਹਿਗੜ ਸਾਹਿਬ ਮਨਜੀਤ ਸਿੰਘ, ਇੰਸਪੈਕਟਰ ਜੀ ਐਸ ਸਿਕੰਦ, ਕਾਰਜ ਸਾਧਕ ਅਫਸਰ ਗੁਰਪਾਲ ਸਿੰਘ ਤੋਂ ਇਲਾਵਾ ਰੋਜਾ ਸ਼ਰੀਫ ਦੇ ਖਲੀਫਾ ਜਨਾਬ ਸ਼ਇਅਦ ਸਾਦਿਕ ਰਜਾ, ਕਾਂਗਰਸ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਜਨਾਬ ਸੈਫ ਅਹਿਮਦ ਵੀ ਮੌਜੂਦ ਸਨ।