ਫਾਜ਼ਿਲਕਾ, 1 ਅਗਸਤ-ਜ਼ਿਲਾ ਫਾਜ਼ਿਲਕਾ ਵਿਚ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਮਿਸ਼ਨ ਫਤਿਹ ਤਹਿਤ ਉਲੀਕੀ ਯੋਜਨਾਬੰਦੀ ਕਾਰਨ ਕੋਵਿਡ 19 ਦੀ ਬਿਮਾਰੀ ਤੇ ਫਤਿਹ ਪਾਉਣ ਵਾਲਿਆਂ ਦੀ ਦਰ 61.69 ਫੀਸਦੀ ਹੋ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 190 ਲੋਕ ਇਸ ਬਿਮਾਰੀ ਤੋਂ ਪੂਰੀ ਤਰਾਂ ਨਾਲ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਉਨਾਂ ਨੇ ਕਿਹਾ ਕਿ ਹੌਂਸਲੇ ਅਤੇ ਡਾਕਟਰੀ ਸਲਾਹ ਨਾਲ ਸਹਿਜੇ ਹੀ ਇਸ ਰੋਗ ਨੂੰ ਮਾਤ ਦਿੱਤੀ ਜਾ ਸਕਦੀ ਹੈ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਵਿਡ ਦੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਆਪਣੇ ਨੇੜਲੇ ਸਰਕਾਰੀ ਹਸਪਤਾਲ ਨਾਲ ਰਾਬਤਾ ਕੀਤਾ ਜਾਵੇ ਜਾਂ ਹੈਲਪਲਾਈਨ ਨੰਬਰ 104 ਤੇ ਕਾਲ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਸਮੇਂ ਸਿਰ ਡਾਕਟਰੀ ਮਦਦ ਨਾਲ ਇਸ ਰੋਗ ਵਿਚ ਮੌਤਾਂ ਦੀ ਦਰ ਨੂੰ ਸਿਫਰ ਦੇ ਪੱਧਰ ਤੱਕ ਘੱਟ ਕੀਤਾ ਜਾ ਸਕਦਾ ਹੈ ਪਰ ਜਦੋਂ ਅਸੀਂ ਦੇਰੀ ਨਾਲ ਹਸਪਤਾਲ ਜਾਂਦੇ ਹਾਂ ਤਾਂ ਫਿਰ ਮੁਸਕਿਲਾਂ ਆਉਂਦੀਆਂ ਹਨ।
ਓਧਰ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਜ਼ਿਲੇ ਵਿਚ ਅੱਜ 21 ਨਵੇਂ ਕੇਸ ਸਾਹਮਣੇ ਆਏ ਹਨ। ਇੰਨਾਂ ਵਿਚੋਂ 9 ਫਾਜ਼ਿਲਕਾ ਨਾਲ, 2 ਅਬੋਹਰ ਨਾਲ 6 ਜਲਾਲਾਬਾਦ ਅਤੇ ਬਾਕੀ ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ। ਉਨਾਂ ਦੱਸਿਆ ਕਿ ਇਸ ਸਮੇਂ ਜ਼ਿਲੇ ਵਿਚ ਐਕਟਿਵ ਕੇਸ 117 ਹਨ।