ਵਾਸ਼ਿੰਗਟਨ, 28 ਜੁਲਾਈ – ਕੋਵਿਡ-19 ਦੀ ਵੈਕਸੀਨ ਸਬੰਧੀ ਅਮਰੀਕਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਸਰਚ ਸ਼ੁਰੂ ਹੋ ਚੁੱਕੀ ਹੈ| ਅਮਰੀਕਾ ਇਕੱਠੇ 30,000 ਲੋਕਾਂ ਤੇ ਵੈਕਸੀਨ ਦਾ ਪ੍ਰਯੋਗ ਕਰ ਰਿਹਾ ਹੈ| ਸਾਰੇ ਵਾਲੰਟੀਅਰਾਂ ਨੂੰ ਵੈਕਸੀਨ ਦਿੱਤੀ ਗਈ ਹੈ| ਇਹ ਵੈਕਸੀਨ ਉਹਨਾਂ ਚੋਣਵੇਂ ਉਮੀਦਵਾਰਾਂ ਵਿਚੋਂ ਇੱਕ ਹੈ ਜੋ ਕੋਰੋਨਾ ਨਾਲ ਲੜਾਈ ਦੀ ਦੌੜ ਦੇ ਆਖਰੀ ਪੜਾਅ ਵਿਚ ਹਨ| ਭਾਵੇਂਕਿ ਹਾਲੇ ਤੱਕ ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਮੌਡਰਨਾ ਦੀ ਵੈਕਸੀਨ ਵਾਇਰਸ ਤੋਂ ਇਨਸਾਨਾਂ ਨੂੰ ਬਚਾ ਪਾਵੇਗੀ| ਇਸ ਅਧਿਐਨ ਵਿੱਚ ਵਾਲੰਟੀਅਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈਕਿ ਉਹਨਾਂ ਨੂੰ ਅਸਲੀ ਵੈਕਸੀਨ ਦਿੱਤੀ ਗਈ ਹੈ ਜਾਂ ਉਸ ਦਾ ਡਮੀ ਵਰਜਨ| ਦੋ ਡੋਜ਼ ਦੇਣ ਦੇ ਬਾਅਦ ਇਹਨਾਂ ਦੀ ਸਿਹਤ ਨੂੰ ਮਾਨੀਟਰ ਕੀਤਾ ਜਾਵੇਗਾ| ਇਸ ਵਿਚ ਦੇਖਿਆ ਜਾਵੇਗਾ ਕਿ ਡੇਲੀ ਰੂਟੀਨ ਵਿਚ ਆਉਣ ਦੇ ਬਾਅਦ ਕਿਸ ਗਰੁੱਪ ਨੇ ਜ਼ਿਆਦਾ ਇਨਫੈਕਸ਼ਨ ਨੂੰ ਮਹਿਸੂਸ ਕੀਤਾ| ਖਾਸ ਤੌਰ ਤੇ ਉਹਾਂ ਇਲਾਕਿਆਂ ਵਿਚ ਜਿੱਥੇ ਹਾਲੇ ਵੀ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ| ਮੌਡਰਨਾ ਨੇ ਦੱਸਿਆ ਕਿ ਦੇਸ਼ ਦੇ ਚਾਰੇ ਪਾਸੇ ਫੈਲੇ ਹੋਏ 7 ਦਰਜਨ ਤੋਂ ਜ਼ਿਆਦਾ ਪਰੀਖਣ ਸਥਲਾਂ ਵਿਚੋਂ ਪਹਿਲੀ ਵਾਰ ਜਾਰਜੀਆ ਦੇ ਸਵਾਨਾ ਵਿਚ ਵੈਕਸੀਨ ਨੂੰ ਟੈਸਟ ਕੀਤਾ ਗਿਆ ਸੀ| ਇੱਥੇ ਚੰਗੇ ਨਤੀਜੇ ਮਿਲਣ ਦੇ ਬਾਅਦ ਹੀ ਸ਼ੋਧ ਕਰਤਾਵਾਂ ਵਿੱਚ ਵੈਕਸੀਨ ਸਬੰਧੀ ਆਸ ਵਧੀ ਸੀ| ਨਿਊਯਾਰਕ ਵਿਚ 36 ਸਾਲਾ ਨਰਸ ਮੇਲਿਸਾ ਹਾਰਟਿੰਗ ਨੇ ਵੀ ਬਤੌਰ ਵਾਲੰਟੀਅਰ ਇਸ ਸ਼ੋਧ ਵਿਚ ਹਿੱਸਾ ਲਿਆ ਸੀ| ਮੇਲਿਸਾ ਨੇ ਸਵੇਰੇ ਵੈਕਸੀਨ ਲਗਵਾਉਣ ਤੋਂ ਪਹਿਲਾਂ ਕਿਹਾ,”ਇਸ ਟ੍ਰਾਇਲ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ| ਵਾਇਰਸ ਨੂੰ ਜੜ੍ਹ ਤੋਂ ਮਿਟਾਉਣ ਲਈ ਫਰੰਟਲਾਈਨ ਨੌਕਰੀ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ|” ਅਮਰੀਕਾ ਦੇ ਇਲਾਵਾ ਚੀਨ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬ੍ਰਾਜ਼ੀਲ ਸਮੇਤ ਮਹਾਮਾਰੀ ਦੇ ਮੁਸ਼ਕਲ ਦੌਰ ਵਿਚੋਂ ਲੰਘਣ ਵਾਲੇ ਦੇਸ਼ਾਂ ਵਿਚ ਫਾਈਨਲ ਸਟੇਜ ਦੀ ਟੈਸਟਿੰਗ ਕੀਤੀ ਸੀ| ਭਾਵੇਂਕਿ ਅਮਰੀਕਾ ਨੂੰ ਖੁਦ ਵੈਕਸੀਨ ਦਾ ਟੈਸਟ ਕਰਨ ਦੀ ਲੋੜ ਹੈ ਜਿਸ ਦੀ ਵਰਤੋਂ ਦੇਸ਼ ਵਿਚ ਕੀਤੀ ਜਾ ਸਕੇ| ਇਸ ਦੇ ਲਈ ਅਮਰੀਕਾ ‘ਕੋਵਿਡ-19 ਪ੍ਰੀਵੈਂਸ਼ਨ ਨੈਟਵਰਕ’ ਨੂੰ ਫੰਡ ਦੇਵੇਗਾ, ਜਿਸ ਦੇ ਜ਼ਰੀਏ ਹਰ ਮਹੀਨੇ 30,000 ਵਾਲੰਟੀਅਰਾਂ ਤੇ ਟੈਸਟ ਕੀਤਾ ਜਾ ਸਕੇਗਾ| ਇਸ ਸ਼ੋਧ ਵਿੱਚ ਨਾ ਸਿਰਫ ਵੈਕਸੀਨ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ ਸਗੋਂ ਇਹ ਵੀ ਦੇਖਿਆ ਜਾਵੇਗਾ ਕਿ ਇਹ ਵੈਕਸੀਨ ਕਿੰਨੀ ਸੁਰੱਖਿਅਤ ਹੈ| ਅਖੀਰ ਵਿਚ ਵਿਗਿਆਨੀ ਵੈਕਸੀਨ ਦੇ ਸਾਰੇ ਸ਼ਾਟਸ ਦੀ ਤੁਲਨਾ ਕਰਨਗੇ| ਹੁਣ ਅਗਲੇ ਮਹੀਨੇ ਆਕਸਫੋਰਡ ਹਿਊਮਨ ਟ੍ਰਾਇਲ ਦੇ ਅਗਲੇ ਪੜਾਅ ਦੀ ਟੈਸਟਿੰਗ ਕਰੇਗਾ| ਜੇਕਰ ਸਭ ਕੁਝ ਸਹੀ ਰਿਹਾ ਤਾਂ ਦਸੰਬਰ ਵਿਚ ਜਾਨਸਨ ਅਤੇ ਜਾਨਸਨ ਅਤੇ ਅਕਤੂਬਰ ਵਿੱਚ ਨੋਵਾਵੈਕਸ ਦਾ ਅਧਿਐਨ ਹੋਵੇਗਾ| ਫਾਈਜ਼ਰ ਆਈ.ਐਨ.ਸੀ. ਵੀ 30,000 ਵਾਲੰਟੀਅਰਾਂ ਤੇ ਸ਼ੋਧ ਕਰਨ ਦਾ ਵਿਚਾਰ ਕਰ ਰਿਹਾ ਹੈ| ਵਿਗਿਆਨ ਦੇ ਇਸ ਮਹਾ ਪਰੀਖਣ ਦੇ ਲਈ ਸ਼ੋਧ ਕਰਤਾਵਾਂ ਨੂੰ ਇਸ ਸਮੇਂ ਵੱਡੀ ਗਿਣਤੀ ਵਿਚ ਵਾਲੰਟੀਅਰਾਂ ਦੀ ਲੋੜ ਹੈ ਜੋ ਖੁਦ ਤੇ ਟੈਸਟਿੰਗ ਲਈ ਅੱਗੇ ਆਉਣ|ਅਮਰੀਕਾ ਦੀ ਇਕ ਮਸ਼ਹੂਰ ਵਾਇਰੋਲੌਜੀਸਟ ਡਾਕਟਰ ਲੈਰੀ ਕੋਰੀ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿਚ 1,50,000 ਲੋਕਾਂ ਨੇ ਖੁਦ ਆਨਲਾਈਨ ਰਜਿਸਟ੍ਰੇਸ਼ਨ ਦੇ ਜ਼ਰੀਏ ਇਸ ਵਿੱਚ ਦਿਲਚਸਪੀ ਦਿਖਾਈ ਹੈ|