ਸਰੀ, 28 ਜੁਲਾਈ 2020 – ਐਨ.ਆਰ.ਆਈ. ਇਨਕਲਾਬੀ ਮੰਚ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਰੀ ਵਿਖੇ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਨਾਲ ਨਾਲ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਜੇਲ੍ਹਾਂ ਵਿਚ ਨਜ਼ਰਬੰਦ ਕੀਤੇ ਇਨਕਲਾਬੀ ਤੈਲਗੂ ਕਵੀ ਵਰਾਵਰਾ ਰਾਉ ਅਤੇ ਹੋਰ ਬੁਧੀਜੀਵੀਆਂ, ਲੇਖਕਾਂ ਨੂੰ ਰਿਹਾਅ ਕੀਤਾ ਜਾਵੇ।
ਮੰਚ ਦੇ ਕੌਮੀ ਪ੍ਰਧਾਨ ਜਗਰੂਪ ਸਿੰਘ, ਮੀਤ ਪ੍ਰਧਾਨ ਹਰਦੇਵ ਸਿੰਘ, ਸੁਰਿੰਦਰ ਚਾਹਲ, ਬਾਈ ਅਵਤਾਰ ਗਿੱਲ, ਬਹਾਦਰ ਸਿੰਘ, ਜਗਰੂਪ ਸਿੰਘ ਧਾਂਲਵਾਲ, ਨਿਰਮਲ ਸਿੰਘ ਘੁੰਮਣ, ਪਰਮਿੰਦਰ ਸਵੈਚ ਆਦਿ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਮਾਲਕ ਸੀ ਅਤੇ ਉਸ ਨੇ ਜਲ੍ਹਿਆਂਵਾਲੇ ਬਾਗ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਭਾਰਤੀ ਲੋਕਾਂ ਦੀ ਸ਼ਹੀਦੀ ਦਾ ਬਦਲਾ 20 ਸਾਲ ਦੇ ਲੰਮੇ ਅਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ। ਊਧਮ ਸਿੰਘ ਭਾਰਤ ਹੀ ਨਹੀਂ ਦੁਨੀਆਂ ਦੇ ਇਤਿਹਾਸ ਦਾ ਇਕ ਬਹੁਤ ਅਣਮੁੱਲਾ ਅਧਿਆਏ ਹੈ, ਜਿਸ ਨੇ ਪੂਰੀ ਦੁਨੀਆਂ ’ਚ ਇਹ ਸਾਬਤ ਕਰ ਦਿੱਤਾ ਕਿ ਜੇਕਰ ਇਨਸਾਨ ਦੀ ਲਗਨ ਸੱਚੀ ਹੋਵੇ ਅਤੇ ਹੌਸਲਾ ਬੁਲੰਦ ਹੋਵੇ ਤਾਂ ਵੱਡੇ ਤੋਂ ਵੱਡਾ ਕੰਮ ਵੀ ਹੋ ਸਕਦਾ ਹੈ।