ਅੰਮ੍ਰਿਤਸਰ, 27 ਜੁਲਾਈ – ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਯੂ.ਏ.ਪੀ.ਏ ਵਿਰੁੱਧ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ। ਖਹਿਰਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੇਕਸੂਰ ਨੌਜਵਾਨਾਂ ‘ਤੇ ਤਸ਼ੱਦਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਰੈਫਰੇਂਡਮ 2020 ਦੇ ਨਾਂਅ ‘ਤੇ ਬੇਕਸੂਰ ਨੌਜਵਾਨਾਂ ਤੋਂ ਨਜਾਇਜ਼ ਪੁੱਛਗਿੱਛ ਅਤੇ ਪਰਚੇ ਦਰਜ ਕੀਤੇ ਜਾ ਰਹੇ ਹਨ ਜਿਸ ਦੇ ਖਿਲਾਫ ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਣ ਆਏ ਹਨ। ਉੁਨ੍ਹਾਂ ਸਿੰਘ ਸਾਹਿਬ ਨੂੰ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਕਿ ਇਸ ਕਾਲੇ ਕਾਨੂੰਨ ਖ਼ਿਲਾਫ਼ ਸਰਕਾਰਾਂ ਨਾਲ ਗੱਲਬਾਤ ਕਰਨ। ਇਸ ਸਮੇਂ ਸੁਖਪਾਲ ਖਹਿਰਾ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਮੌਜੂਦ ਸਨ।
ਉਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਯੂ.ਏ.ਪੀ.ਏ ਤਹਿਤ ਬੇਕਸੂਰ ਨੌਜਵਾਨਾਂ ਨੂੰ ਚੁੱਕਿਆ ਜਾਣਾ ਪੰਜਾਬ ਦੇ ਮਾਹੌਲ ਨੂੰ ਖੌਫਜ਼ਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸ.ਜੀ.ਪੀ.ਸੀ. ਨੂੰ ਇੰਨ੍ਹਾਂ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਦੇ ਕੇਸਾਂ ‘ਚ ਪੈਰਵਾਈ ਕਰੇ ਅਤੇ ਇੰਨ੍ਹਾਂ ਨੌਜਵਾਨਾਂ ਦੀ ਸਾਰ ਲਈ ਜਾਵੇ।