ਬਠਿੰਡਾ, 22 ਅਗਸਤ 2020 – ਕੋਵਿਡ-19 ਦੇ ਕਾਰਨ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਬੰਦੀ ਔਰਤਾਂ ਨੂੰ ਸਿਲਾਈ ਦਾ ਹੁਨਰ ਸਿਖਾਉਣ ਲਈ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ 4 ਸਿਲਾਈ ਮਸ਼ੀਨਾਂ ਭੇਂਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜੇਲ੍ਹ ਬੰਦੀਆਂ ਨੂੰ ਕੋਰੋਨਾ ਤੋਂ ਬਚਾਅ ਸੰਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ।
ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਬੀ ਸ੍ਰੀਨਿਵਾਸਨ ਦੇ ਹੁਕਮਾਂ ਅਨੁਸਾਰ ਹੱਥ ਨਾਲ ਚਲਾਉਣ ਵਾਲੀਆਂ 4 ਸਿਲਾਈ ਮਸ਼ੀਨਾਂ ਅਤੇ ਅਵੈਅਰਨੈੱਸ ਮੈਟੀਰੀਅਲ ਜੇਲ ਸੁਪਰਡੰਟ ਮਨਜੀਤ ਸਿੰਘ ਸਿੱਧੂ ਅਤੇ ਡਿਪਟੀ ਜੇਲ੍ਹ ਸੁਪਰਡੰਟ ਭੁਪਿੰਦਰ ਸਿੰਘ ਹਵਾਲੇ ਕੀਤੀਆਂ ਹਨ।
ਉਹਨਾਂ ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਮਸ਼ੀਨਾਂ ਨਾਲ ਜਨਾਨਾ ਜੇਲ੍ਹ ਵਿੱਚ ਬੰਦੀ ਔਰਤਾਂ ਨੂੰ ਸਿਲਾਈ ਸਕਿੱਲਜ਼ ਸਿਖਾਉਣ ਵਿੱਚ ਮਦਦ ਮਿਲੇਗੀ। ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਬੰਦੀਆਂ ਦੀ ਜਾਣਕਾਰੀ ਲਈ ਕੋਵਿਡ ਤੋਂ ਬਚਾਅ ਸੰਬੰਧੀ ਜਾਗਰੂਕਤਾ ਪਰਚੇ ਵੀ ਜੇਲ੍ਹ ਅਧਿਕਾਰੀਆਂ ਨੂੰ ਸੌਂਪੇ। ਉਹਨਾਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਸਾਨੂੰ ਸਾਵਧਾਨੀਆਂ ਰੱਖਣ ਦੀ ਲੋੜ ਹੈ। ਹੱਥਾਂ ਨੂੰ ਬਾਰ-ਬਾਰ ਸਾਬੁਣ ਪਾਣੀ ਨਾਲ 40 ਸੈਕੰਡ ਲਈ ਧੋਣਾ, ਮੂੰਹ ਤੇ ਮਾਸਕ ਲਗਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਰੱਖਣ ਨਾਲ ਅਸੀਂ ਕਾਫੀ ਹੱਦ ਤੱਕ ਕੋਰੋਨਾ ਤੋਂ ਬਚ ਸਕਦੇ ਹਾਂ।