ਬਠਿੰਡਾ, 22 ਜੁਲਾਈ 2020 – ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਤਿੰਨ ਖੇਤੀ ਆਰਡੀਨੈਂਸ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਉਨਾਂ ਦੇ ਪਿੰਡ ਬਾਦਲ ਵਿਚਲੀ ਕੋਠੀ ਦਾ ਘਿਰਾਓ ਕਰਨ ਵਾਲੇ ਛੇ ਸੌ ਤੋਂ ਵੱਧ ਕਿਸਾਨਾਂ ਖਿਲਾਫ ਸੰਗੀਨ ਧਾਰਾਵਾ 188,268,03 ਐਪਡੈਮਿਕ ਡਿਜ਼ੀਜ਼ ਐਕਟ ਤਹਿਤ 2 ਵੱਖ ਵੱਖ ਪੁਲਿਸ ਕੇਸ ਦਰਜ ਕੀਤੇ ਹਨ। ਥਾਣਾ ਲੰਬੀ ਪੁਲਿਸ ਨੇ ਮੁਕੱਦਮਾਂ ਨੰਬਰ 202 ’ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਪਿੰਦੀ,ਸਾਹਿਬ ਸਿੰਘ ਦੀਨੇ ਕੇ ਜ਼ਿਲ੍ਹਾ ਸਕੱਤਰ ਮੋਗਾ, ਗੋਰਮਲੇ ਸਿੰਘ ਮੱਲਾਂਵਾਲਾ ਜੋਨ ਇੰਚਾਰਜ ਜ਼ਿਲ੍ਹਾ ਫਿਰੋਜ਼ਪੁਰ,ਬਲਰਾਜ ਸਿੰਘ ਤੇ ਰਣਬੀਰ ਸਿੰਘ ਉਰਫ ਰਾਣਾ ਦੋਵੇਂ ਬਲਾਕ ਪ੍ਰਧਾਨ ਜੀਰਾ ਨੂੰ ਨਾਮਜਦ ਕੀਤਾ ਗਿਆ ਹੈ ਜਦੋਂਕਿ 250-300 ਅਣਪਛਾਤੇ ਕਿਸਾਨ ਮੁਕੱਦਮੇ ’ਚ ਸ਼ਾਮਲ ਕੀਤੇ ਗਏ ਹਨ।
ਇਸ ਤਰ੍ਹਾਂ ਹੀ ਮੁਕੱਦਮਾਂ ਨੰਬਰ 203 ’ਚ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ। ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਧਰਮ ਸਿੰਘ ਨਰਿੰਦਰਪਾਲ ਸਿੰਘ ਬਲਾਕ ਪ੍ਰਧਾਨ ਮਮਦੋਟ, ਸੁਖਮੰਦਰ ਸਿੰਘ ਮਾਛੀਕੇ ਜਿਲਾ ਜਰਨਲ ਸਕੱਤਰ,ਰਣਬੀਰ ਸਿੰਘ ਉਰਫ ਭੋਲਾ ਇੰਚਾਰਜ ਮੱਲਾਂਵਾਲਾ,ਇੰਦਰਜੀਤ ਸਿੰਘ ਕਾਲੀਵਾਲਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਤੇ ਗੁਰਲਾਭ ਸਿੰਘ ਜੋਨ ਪ੍ਰਧਾਨ ਤਰਨਤਾਰਨ ਨੂੰ ਨਾਮਜਦ ਅਤੇ 250-300 ਅਣਪਛਾਤੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਦੋਵਾਂ ਪੁਲਿਸ ਕੇਸਾਂ ’ਚ ਸਾਂਝੀ ਗੱਲ ਇਹ ਹੈ ਕਿ ਪੁਲਿਸ ਨੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਾ ਰੱਖਕੇ ਡਿਪਟੀ ਕਮਿਸ਼ਨਰ ਦੇ ਹੁਕਮਾ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।
ਐਫਆਈਆਰ ਅਨੁਸਾਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਅਤੇ ਮੰਗ ਪੱਤਰ ਉਲੀਕਿਆ ਗਿਆ ਸੀ। ਪਹਿਲੇ ਮਾਮਨੇ ’ਚ ਨਾਮਜਦ ਵਿਅਕਤੀ ਕਾਲਝਰਾਣੀ ਤਰਫੋਂ ਨਾਅਰੇਬਾਜੀ ਕਰਦੇ ਆਏ। ਸਨ ਜਦੋਂਕਿ ਦੂਸਰੇ ’ਚ ਨਾਮਜਦ ਵਿਅਕਤੀਆਂ ਨੂੰ ਖਿਓਵਾਲੀ ਤਰਫੋਂ ਆਏ ਦਰਸਾਇਆ ਗਿਆ ਹੈ। ਪੁਲਿਸ ਅਨੁਸਾਰ ਫਿਲਹਾਲ ਕੋਈ ਗਿ੍ਰਫਤਾਰੀ ਨਹੀਂ ਕੀਤੀ ਗਈ ਹੈ। ਥਾਣਾ ਲੰਬੀ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਆਰਡੀਨੈਂਸਾਂ ਨੂੰ ਖੇਤੀ ਖੇਤਰ ਵਿਰੋਧੀ ਕਰਾਰ ਦਿੰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ ਪਿੰਡ ਬਾਦਲ ’ਚ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਦੀ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਸੰਘਰਸ਼ ਕਮੇਟੀ ਦੇ ਸੱਦੇ ਤੇ ਵੱਖ ਵੱਖ ਜਿਲ੍ਹਿਆਂ ਚੋਂ ਆਏ ਵੱਡੇ ਇਕੱਠ ਨੇ ਪਿੰਡ ਬਾਦਲ ਵੱਲ ਚਾਲੇ ਪਾ ਦਿੱਤੇ। ਇਸੇ ਦੌਰਾਨ ਇਕੱਠ ਨੂੰ ਠੱਲਣ ਦੌਰਾਨ ਕਿਸਾਨਾ ਤੇ ਪੁਲਿਸ ਵਿਚਕਾਰ ਟਕਰਾਅ ਹੋ ਗਿਆ। ਜਿਸ ਦੇ ਸਿੱਟੇ ਵਜੋਂ ਕਿਸਾਨ ਆਗੂਆਂ ਤੇ ਪੁਲਿਸ ਮੁਲਾਜਮਾਂ ਨੂੰ ਚੋਟਾਂ ਲੱਗੀਆਂ। ਕਿਸਾਨਾਂ ਨੇ ਹੱਲ ਬੋਲ ਕੇ ਬਾਦਲ ਪ੍ਰੀਵਾਰ ਦੀ ਰਿਹਾਇਸ਼ ਦਾ ਘਿਰਾ ਕਰ ਲਿਆ ਤਾਂ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਕੇਂਦਰੀ ਖੇਤੀ ਮੰਤਰੀ ਨਾਲ ਮੀਟਿੰਗ ਅਤੇ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ’ਚ ਖੜਨ ਦਾ ਭਰੋਸਾ ਦਿਵਾਇਆ ਤਾਂ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਪੁਲਿਸ ਕੇਸਾਂ ਨਾਲ ਨਹੀਂ ਦੱਬਣਗੇ ਕਿਸਾਨ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਧਰਨੇ ਮੌਕੇ ਇੱਕ ਐਸਪੀ ਰੈਂਕ ਦੇ ਅਧਿਕਾਰੀ ਨੇ ਭਰੋਸਾ ਦਿਵਾਇਆ ਸੀ ਕਿ ਕਿਸਾਨਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਪਰ ਪੁਲਿਸ ਪ੍ਰਸ਼ਾਸ਼ਨ ਨੇ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਆਖਿਆ ਕਿ ਖੇਤੀ ਆਰਡੀਨੈਂਸ ਕਿਸਾਨੀ ਲਈ ਜਿੰਦਗੀ ਮੌਤ ਦਾ ਸਵਾਲ ਹਨ ਇਸ ਲਈ ਪੁਲਿਸ ਕੇਸਾਂ ਦੀ ਪ੍ਰਵਾਹ ਕੀਤੇ ਬਗੈਰ ਇੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਏਗਾ। ਉਨ੍ਹਾਂ ਆਖਿਆ ਕਿ ਸਰਕਾਰਾਂ ਦਾ ਇਹ ਕੰਮ ਕਿਸਾਨ ਵਿਰੋਧੀ ਰਵੱਈਆ ਜਾਹਰ ਕਰਦਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਲਈ ਤੁਰ ਪਈਆਂ ਹਨ ਜਿਸ ਲਈ ਕੋਵਿਡ-19 ਦਾ ਸਹਾਰਾ ਲਿਆ ਜਾ ਰਿਹਾ ਹੈ ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਜੱਥੇਬੰਦੀ ਵੱਲੋਂ ਕਿਸਾਨਾਂ ਨੂੰ ਜਖਮੀ ਕਰਨ ਦੀ ਨਿਖੇਧੀ ਵੀ ਕੀਤੀ ਹੈ।