ਆਗਰਾ, 2 ਸਤੰਬਰ – ਪੱਛਮੀ ਉੱਤਰ ਪ੍ਰਦੇਸ਼ ਵਿੱਚ 10 ਦਿਨਾਂ ਤੋਂ ਜਾਰੀ ਰਹੱਸਮਈ ਬੁਖਾਰ ਨੇ ਕਹਿਰ ਢਾਇਆ ਹੋਇਆ ਹੈ। ਸਿਹਤ ਵਿਭਾਗ ਦੇ ਅੰਕੜਿਆ ਅਨੁਸਾਰ ਹੁਣ ਤੱਕ 10 ਜ਼ਿਲ੍ਹਿਆਂ ਵਿੱਚ ਕਰੀਬ 100 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ 50 ਫੀਸਦੀ ਬੱਚੇ ਹਨ। ਬੀਤੇ ਤਿੰਨ ਦਿਨਾਂ ਵਿੱਚ 20 ਜ਼ਿਲ੍ਹਿਆਂ ਤੱਕ ਇਹ ਵਾਇਰਲ ਫੈਲ ਚੁੱਕਾ ਹੈ ਅਤੇ ਹਰ ਜ਼ਿਲ੍ਹੇ ਵਿੱਚ ਰੋਜ਼ਾਨਾ ਔਸਤਨ 500 ਨਵੇਂ ਮਰੀਜ਼ ਮਿਲ ਰਹੇ ਹਨ। ਡਾਕਟਰ ਇਸ ਨੂੰ ਇਨਫਲੂਐਂਜ਼ਾ ਵਾਇਰਸ ਦੇ ਸਵਰੂਪ ਵਿੱਚ ਬਦਲਾਅ ਦੀ ਸ਼ੰਕਾ ਦੇ ਤੌਰ ਤੇ ਦੇਖ ਰਹੇ ਹਨ। ਕਈ ਬਿਮਾਰੀਆਂ ਦੇ ਲੱਛਣ ਇਸ ਵਿੱਚ ਹੋਣ ਨਾਲ ਕੋਰੋਨਾ ਦੀ ਤੀਜੀ ਲਹਿਰ ਦੀ ਸ਼ੰਕਾ ਵਿਚਕਾਰ ਇਹ ਇਕ ਨਵੀਂ ਚੁਣੌਤੀ ਉਭਰੀ ਹੈ। ਜ਼ਿਆਦਾ ਪ੍ਰਭਾਵ ਵਾਲੇ ਜ਼ਿਲ੍ਹਿਆਂ ਵਿੱਚ ਸਕੂਲਾਂ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸਭ ਤੋਂ ਜ਼ਿਆਦਾ ਪ੍ਰਭਾਵ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਹੈ। ਮਥੁਰਾ, ਕਾਸਗੰਜ, ਆਗਰਾ, ਏਟਾ, ਮੈਨਪੁਰੀ, ਨੋਇਡਾ, ਗਾਜ਼ੀਆਬਾਦ, ਮੁਜ਼ੱਫਰਨਗਰ, ਸ਼ਾਮਲੀ ਤੋਂ ਇਲਾਵਾ ਸਹਾਰਨਪੁਰ ਵਿੱਚ ਹੁਣ ਤੱਕ ਬੁਖਾਰ ਨਾਲ ਕਰੀਬ 100 ਵਿਅਕਤੀਆਂ ਦੀ ਮੌਤ ਹੋਈ ਹੈ।
ਸਭ ਤੋਂ ਜ਼ਿਆਦਾ 70 ਵਿਅਕਤੀਆਂ ਦੀ ਮੌਤ ਫਿਰੋਜ਼ਾਬਾਦ ਵਿੱਚ ਹੋਈ ਹੈ। ਇਨ੍ਹਾਂ ਵਿੱਚ 46 ਬੱਚੇ ਸ਼ਾਮਲ ਹਨ। ਸਾਰੇ ਮਾਮਲਿਆਂ ਵਿੱਚ ਤੇਜ਼ ਬੁਖਾਰ ਦੇ ਨਾਲ ਪਲੇਟਲੇਟਸ ਦੀ ਗਿਣਤੀ ਵਿੱਚ ਭਾਰੀ ਘਾਟ, ਡਿਹਾਈਡ੍ਰੇਸ਼ਨ, ਜੋੜਾਂ ਵਿੱਚ ਦਰਦ, ਨਜ਼ਲਾ-ਖੰਘ, ਤੇਜ਼ ਬੁਖਾਰ ਦੇ ਲੱਛਣ ਮਿਲੇ ਹਨ।
ਮਥੁਰਾ ਵਿੱਚ ਬੁਖਾਰ ਨਾਲ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਾਸਗੰਜ ਵਿੱਚ 3 ਵਿਅਕਤੀ ਜਾਨ ਗੁਆ ਚੁੱਕੇ ਹਨ। ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਵੀ ਘਾਟ ਹੋਣ ਲੱਗੀ ਹੈ। ਫਿਰੋਜ਼ਾਬਾਦ ਦੇ ਜ਼ਿਲ੍ਹਾ ਹਸਪਤਾਲ ਵਿੱਚ 100 ਤੋਂ ਜ਼ਿਆਦਾ ਬੱਚਿਆਂ ਦਾ ਇਲਾਜ਼ ਚੱਲ ਰਿਹਾ ਹੈ। ਸਹਾਰਨਪੁਰ ਦੇ ਟਪਰੀ ਪਿੰਡ ਵਿੱਚ 4 ਵਿਅਕਤੀਆਂ ਦੀ ਮੌਤ ਹੋਈ ਹੈ।