ਫਿਰੋਜ਼ਪੁਰ 20 ਜੁਲਾਈ 2020 : ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ. ਲੱਖੋਵਾਲ ਫਿਰੋਜ਼ਪੁਰ ਦੀ ਅਗਵਾਈ ਵਿਚ ਕੇਂਦਰ ਸਰਕਾਰ ਖਿਲਾਫ ਜ਼ਿਲ੍ਹੇ ਭਰ ਦੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਕਿਰਨਪਾਲ ਸਿੰਘ ਮੁੱਖ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਸੁਖਪਾਲ ਸਿੰਘ ਬੁੱਟਰ ਮੀਤ ਪ੍ਰਧਾਨ ਪੰਜਾਬ, ਦਰਸ਼ਨ ਸਿੰਘ ਭਾਲਾ ਸੰਗਠਿਤ ਸਕੱਤਰ ਫਿਰੋਜ਼ਪੁਰ, ਜਲੇਰ ਸਿੰਘ ਖਜ਼ਾਨਚੀ ਜ਼ਿਲ੍ਹਾ ਫਿਰੋਜ਼ਪੁਰ ਦੀ ਪ੍ਰਧਾਨਗੀ ਵਿਚ ਦਿੱਤਾ ਗਿਆ। ਕਿਸਾਨਾਂ ਵੱਲੋਂ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਪਿਛਲੇ ਦਿਨੀਂ ਜੋ ਕਿਸਾਨੀ ਦੇ ਤਿੰਨ ਆਰਡੀਨੈਂਸ ਭਾਰਤ ਸਰਕਾਰ ਨੇ ਜਾਰੀ ਕੀਤੇ ਹਨ, ਉਨ੍ਹਾਂ ਨੂੰ ਵਿਧਾਨ ਸਭਾ ਸੈਸ਼ਨ ਬੁਲਾ ਕੇ ਤੁਰੰਤ ਰੱਦ ਕੀਤਾ ਜਾਵੇ ਅਤੇ ਬਿਜਲੀ ਸੋਧ ਬਿੱਲ ਪਾਸ ਹੋਣਾ ਹੈ, ਉਸ ਦਾ ਵਿਰੋਧ ਕੀਤਾ ਜਾਵੇ, ਕਿਉਂਕਿ ਇਹ ਬਿੱਲ ਪੰਜਾਬ ਕਿਸਾਨਾਂ ਲਈ ਘਾਤਕ ਹਨ, ਇਨ੍ਹਾਂ ਦੇ ਲਾਗੂ ਹੋਣ ਨਾਲ ਪੰਜਾਬ ਦੀ ਕਿਸਾਨੀ ਬਿੱਲਕੁਲ ਬਰਾਮਦ ਹੋ ਜਾਵੇਗੀ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਆਖਿਆ ਕਿ ਮੰਗ ਕਰਦੇ ਹਾਂ ਕਿ ਸੁਬੇ ਨੂੰ ਵੱਧ ਅਧਿਕਾਰਾਂ ਦਾ ਮਤਾ ਵਿਧਾਨ ਸਭਾ ਵਿਚ ਪਾਸ ਕੀਤਾ ਜਾਵੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੌਮਾਂਤਰੀ ਮੰਡੀ ਬੋਰਡ ਨਾਲ ਜੋੜਨ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਵੇ ਅਤੇ ਪੰਜਾਬ ਸਰਕਾਰ ਦੀ ਡੀਜ਼ਲ ਪੈਟਰੋਲ ਟੈਕਸ ਘਟਾ ਕੇ ਚੰਡੀਗੜ੍ਹ ਦੇ ਰੇਟਾਂ ਤੇ ਲੋਕਾਂ ਨੂੰ ਦਿੱਤਾ ਜਾਵੇ। ਫਸਲ ਤੇ ਐੱਮਐੱਸਪੀ ਯਕੀਨੀ ਬਣਾਈ ਜਾਵੇ ਅਤੇ ਫਸਲ ਬੀਮਾ ਯੋਜਨਾ ਨੂੰ ਲਾਗੂ ਕੀਤਾ ਜਾਵੇ। ਅਵਾਰਾ ਪਸ਼ੂਆਂ ਨੂੰ ਸਾਂਭਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਦੂਜੇ ਸੂਬਿਆਂ ਦੇ ਤਰਜ ਤੇ ਪੰਜਾਬ ਵਿਚ ਪੰਜ ਸੈਲਟਰ ਹਾਊਸ ਖੋਲ੍ਹੇ ਜਾਣ। ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਤੇ 302 ਦੇ ਪਰਚੇ ਦਰਜ ਕੀਤੇ ਜਾਣ ਅਤੇ ਦਵਾਈਆਂ ਦੀ ਪੈਕਿੰਗ ਤੇ ਸਹੀ ਕੀਮਤ ਲਿਖੀ ਜਾਵੇ। ਫਿਰੋਜ਼ਪੁਰ ਜ਼ਿਲ੍ਹੇ ਨੂੰ ਡਾਰਕ ਜੋਨ ਵਿਚੋਂ ਕੱਢਣ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਅਤੇ ਡਰੋਨਾ ਦੀ ਸਫਾਈ ਕਰਵਾਈ ਜਾਵੇ। ਗੰਨਿਆਂ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਬੰਦ ਪਈਆਂ ਮਿੱਲਾਂ ਮੁੜ ਤੋਂ ਚਾਲੂ ਕੀਤੀਆਂ ਜਾਣ। ਸਾਰੇ ਮਹਿਕਮਿਆਂ ਵਿਚ ਪੋਸਟਾਂ ਖਾਲੀ ਪਈਆਂ ਹਨ ਨੂੰ ਭਰਨ ਲਈ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਹੋਰ ਸੂਬਿਆਂ ਦੀ ਤਰਜ ਤੇ ਪੰਜਾਬ ਦੇ ਜਵਾਨੀ ਕਿਸਾਨੀ ਅਤੇ ਪਾਣੀ ਨੂੰ ਬਚਾਉਣ ਲਈ ਖਸਖਸ ਦੀ ਖੇਤੀ ਦੀ ਖੁੱਲ ਦਿੱਤੀ ਜਾਵੇ। ਬਿਜਲੀ ਸਪਲਾਈ ਨਿਰਵਿਘਨ 10 ਘੰਟੇ ਦਿੱਤੀ ਜਾਵੇ। ਮੱਕੀ ਦੀ ਕੀਮਤ ਮੰਡੀ ਵਿਚ ਜੋ ਕਿ 600 ਰੁਪਏ ਤੋਂ 1100 ਰੁਪਏ ਕੁਇੰਟਲ ਹੈ ਅਤੇ ਐੱਮਐੱਸਪੀ 1850 ਰੁਪਏ ਤੇ ਖਰੀਦਣ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਨੂੰ ਜੋ ਇੰਤਕਾਲ ਫੀਸ ਦੁੱਗਣੀ ਕਰ ਦਿੱਤੀ ਹੈ ਉਸ ਨਾਲ ਕਿਸਾਨਾਂ ਤੇ ਵਾਧੂ ਬੋਝ ਪਵੇਗਾ ਅਤੇ ਇਸ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਖੇਤੀ ਆਧਾਰਿਤ ਮਸ਼ੀਨਰੀ ਅਤੇ ਉਦਯੋਗਾਂ ਵਾਂਗ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇ ਅਤੇ ਖੇਤੀ ਲਈ 4 ਪ੍ਰਤੀਸ਼ਤ ਤੇ ਕਰਜਾ ਦਿੱਤਾ ਜਾਵੇ। ਪਰਾਲੀ ਨੂੰ ਸਾਂਭਣ ਲਈ ਮਸ਼ੀਨਰੀ ਤੇ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇ ਅਤੇ ਵਾਧੂ ਖਰਚੇ ਦੇ ਭਰਪਾਈ ਲਈ 3000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਤੁਹਾਡੇ ਆਪਣੇ ਵਾਅਦੇ ਮੁਤਾਬਿਕ ਪੰਜਾਬ ਦੇ ਸਮੁੱਚੇ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾਵੇ। ਇਸ ਮੌਕੇ ਡੀਸੀ ਦਫਤਰ ਸਾਹਮਣੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।