ਬਰੇਲੀ, 20 ਜੁਲਾਈ -ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇਕ ਮੈਡੀਕਲ ਕਾਲਜ ਦੀ ਵੱਡੀ ਲਾਪਰਵਾਹੀ ਕਾਰਨ ਕੋਵਿਡ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਇੱਥੇ ਕੋਵਿਡ ਮਰੀਜ਼ਾਂ ਲਈ ਬਣਾਏ ਗਏ ਹਸਪਤਾਲ ਵਿੱਚ ਪਾਣੀ ਦੀ ਪਾਈਪ ਫਟਣ ਨਾਲ ਅਚਾਨਕ ਬਾਰਸ਼ ਦਾ ਪਾਣੀ ਭਰ ਗਿਆ| ਹਸਪਤਾਲ ਦੇ ਅੰਦਰ ਜਿੱਥੇ ਮਰੀਜ਼ਾਂ ਲਈ ਬੈਡ ਦੀ ਵਿਵਸਥਾ ਕੀਤੀ ਗਈ ਸੀ| ਉੱਥੇ ਵਿਚ ਹੀ ਪਾਈਪ ਫਟ ਗਿਆ ਅਤੇ ਕਮਰੇ ਦੇ ਵਿਚੋ-ਵਿਚ ਝਰਨੇ ਦੀ ਤਰ੍ਹਾਂ ਪਾਣੀ ਵਗਣ ਲੱਗਾ| ਥੋੜ੍ਹੀ ਹੀ ਦੇਰ ਵਿੱਚ ਵਾਰਡ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਦਿੱਸਣ ਲੱਗਾ| ਜਿਸ ਤੋਂ ਬਾਅਦ ਕੁਝ ਮਰੀਜ਼ਾਂ ਨੇ ਟਵਿੱਟਰ ਤੇ ਇਸ ਦੀ ਸ਼ਿਕਾਇਤ ਕੀਤੀ| ਟਵਿੱਟਰ ਤੇ ਸ਼ਿਕਾਇਤ ਹੋਣ ਤੋਂ ਬਾਅਦ ਮੈਡੀਕਲ ਕਾਲਜ ਪ੍ਰਸ਼ਾਸਨ ਹੋਸ਼ ਵਿੱਚ ਆਇਆ ਅਤੇ ਜਲਦੀ ਵਿੱਚ ਵਿਵਸਥਾ ਸਹੀ ਕੀਤੀ|
ਇਹ ਪੂਰਾ ਮਾਮਲਾ ਬਰੇਲੀ ਦੇ ਰਾਜਸ਼੍ਰੀ ਹਸਪਤਾਲ ਦਾ ਹੈ| ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਪੀੜਤ ਮਰੀਜ਼ਾਂ ਦੇ ਇਲਾਜ ਦੀ ਵਿਵਸਥਾ ਦੀ ਹੈ ਪਰ ਇਨ੍ਹਾਂ ਵਿਵਸਥਾਵਾਂ ਦਰਮਿਆਨ ਅਵਿਵਸਥਾ ਵੀ ਘੱਟ ਨਹੀਂ ਹੈ| ਬਾਰਸ਼ ਹੁੰਦੇ ਹੀ ਇੱਥੇ ਰੇਨ ਵਾਟਰ ਪਾਈਪ ਫਟ ਗਿਆ ਅਤੇ ਹਸਪਤਾਲ ਦਾ ਕੋਰੋਨਾ ਵਾਰਡ ਤਾਲਾਬ ਵਿੱਚ ਬਦਲ ਗਿਆ| ਪੀੜਤ ਮਰੀਜ਼ਾਂ ਦਰਮਿਆਨ ਵਗਦੇ ਹੋਏ ਪਾਣੀ ਪੂਰੇ ਹਸਪਤਾਲ ਦੇ ਵੇਹੜੇ ਵਿੱਚ ਵਗਣ ਲੱਗਾ| ਕਿਸੇ ਮਰੀਜ਼ ਨੇ ਇਸ ਘਟਨਾ ਦਾ ਇਕ ਵੀਡੀਓ ਰਿਕਾਰਡ ਕਰ ਕੇ ਟਵਿੱਟਰ ਤੇ ਪਾ ਦਿੱਤਾ, ਜਿਸ ਤੋਂ ਬਾਅਦ ਹੰਗਾਮਾ ਮਚ ਗਿਆ|
ਹੁਣ ਇਸ ਪੂਰੇ ਮਾਮਲੇ ਵਿੱਚ ਬਰੇਲੀ ਦੇ ਸਿਹਤ ਵਿਭਾਗ ਨੇ ਆਪਣੀ ਸਫ਼ਾਈ ਦਿੱਤੀ| ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਮੁੰਰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਪਾਈਪ ਫਟ ਗਿਆ ਅਤੇ ਪਾਣੀ ਫੈਲ ਗਿਆ| ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਾਲਾਤ ਸੁਧਾਰ ਲਏ ਗਏ ਹਨ| ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇਸ ਘਟਨਾ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਵਾਰ-ਵਾਰ ਪੂਰੇ ਬੈਡ ਹੋਣ ਅਤੇ ਕੋਰੋਨਾ ਨਾਲ ਲੜਾਈ ਵਿੱਚ ਸਭ ਕੁਝ ਸਹੀ ਹੋਣ ਦਾ ਦਾਅਵਾ ਕੀਤਾ ਹੈ ਪਰ ਇਨ੍ਹਾਂ ਖਬਰਾਂ ਵਿੱਚ ਹਾਲ ਦੇਖ ਕੇ ਹੀ ਸਮਝ ਜਾਣਗੇ ਕਿ ਯੂ.ਪੀ. ਸਰਕਾਰ ਦੀਆਂ ਅਸਫਲ ਤਿਆਰੀਆਂ, ਲਚਰ ਵਿਵਸਥਾ ਅਤੇ ਕਮਜ਼ੋਰੀਆਂ ਤੇ ਪਰਦਾ ਪਾਉਣ ਦੀ ਨੀਤੀ ਨੇ ਅੱਜ ਬੁਰਾ ਹਾਲ ਕਰ ਦਿੱਤਾ ਹੈ|