ਬਠਿੰਡਾ, 17 ਜੁਲਾਈ 2020 – ਜ਼ਿਲ੍ਹਾ ਬਠਿੰਡਾ ਦੇ ਪਿੰਡ ਚਾਉਕੇ ਵਿਖੇ ਨੌਜਵਾਨਾਂ ਨੂੰ ਫੌਜ ਦੀ ਭਰਤੀ ਦੀ ਸਿਖਲਾਈ ਲਈ ਚਲਾਈਆਂ ਜਾ ਰਹੀਆਂ ਅਕੈਡਮੀਆ ਵਿੱਚ ਇਕੱਠ ਕਰਨ ਦੇ ਮਾਮਲੇ ’ਚ ਥਾਣਾ ਸਦਰ ਰਾਮਪੁਰਾ ਨੇ ਮਕੱਦਮਾ ਦਰਜ ਕੀਤਾ ਹੈ। ਇੱਕ ਗੁਪਤ ਸੂਚਨਾ ਦੇ ਅਧਾਰ ਤੇ ਅਮਰਜੀਤ ਸਿੰਘ ਤੇ ਗੁਰਮੀਤ ਸਿੰਘ ਪੁੱਤਰਾਨ ਗੁਰਮੇਸਿੰਘ, ਗੱਗੀ ਪੁੱਤਰ ਨਾਜਮ ਸਿੰਘ,ਬਸੰਤ ਸਿੰਘ ਪੁੱਤਰ ਪੂਰਨ ਸਿੰਘ, ਭਰਪੂਰ ਸਿੰਘ ਪੁੱਤਰ ਆਤਮਾ ਸਿੰਘ ਅਤੇ ਬੀਰਾ ਸਿੰਘ ਕੋਚ ਪੁੱਤਰ ਗੁਰਚਰਨ ਸਿੰਘ ਵਾਸੀਅਨ ਚਾਓਕੇ ਨੂੰ ਧਾਰਾ 188, 270,336,ਸੈਕਸ਼ਨ 51ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਨਾਮਜਦ ਕੀਤਾ ਹੈ। ਐਫਆਈਆਰ ਅਨੁਸਾਰ ਇਹ ਮੁਲਜਮ ਫੌਜ ਵਿੱਚੋਂ ਪੈਨਸ਼ਨ ਤੇ ਆਏ ਹਨ। ਇਨ੍ਹਾਂ ਨੇ ਪਿੰਡ ਚਾਓਕੇ ਵਿਖੇ ਟਰੇਨਿੰਗ ਐਕਡਮੀਆਂ ਬਣਾਈਆਂ ਹੋਈਆਂ ਹਨ। ਇਹ ਲੋਕ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਦੇ ਨਾਮ ਤੇ ਸਿਖਲਾਈ ਦਿੰਦੇ ਹਨ। ਕੋਰੋਨਾ ਵਾਇਰਸ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਇਨ੍ਹਾਂ ਨੇ ਆਪਣੀਆਂ ਅਕੈਡਮੀਆਂ ’ਚ ਇਕੱਠ ਕਰ ਲਿਆ ਜੋ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਹੈ।
ਦੱਸਣਯੋਗ ਹੈ ਕਿ ਹੁਣ ਜਦੋਂ ਆਮ ਲੋਕਾਂ ਤੋ ਲੈ ਕੇ ਸਰਕਾਰੀ ਅਧਿਕਾਰੀ ਅਤੇ ਮੰਤਰੀ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਰਹੇ ਹਨ ਤਾਂ ਸਰਕਾਰ ਵੱਲੋਂ ਨਿਯਮਾਂ ’ਚ ਸਖਤੀ ਦਿਖਾਈ ਗਈ ਹੈ ਤਾਂ ਜੋ ਸਮਾਜ ’ਚ ਵਾਇਰਸ ਨੂੰ ਲਾਗ ਰਾਹੀਂ ਫੈਲਣ ਨੂੰ ਰੋਕਿਆ ਜਾ ਸਕੇ। ਸੂਤਰ ਦੱਸਦੇ ਹਨ ਕਿ ਇਨ੍ਹਾਂ ਅਕੈਡਮੀਆਂ ’ਚ ਹੁਣ ਹੀ ਨਹੀਂ ਬਲਕਿ ਪਿਛਲੇ ਕਾਫੀ ਸਮੇਂ ਤੋਂ ਵੱਖ ਵੱਖ ਜਿਲ੍ਹਿਆਂ ਦੇ ਪਿੰਡਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸੱਦਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਨੌਜਵਾਨਾਂ ਦੀਆਂ ਜ਼ਿੰਦਗੀਆਂ ਵੀ ਖਤਰੇ ਵਿੱਚ ਆਈਆਂ ਹੋਈਆਂ ਹਨ। ਇਲਾਕੇ ਦੇ ਲੋਕ ਸਵਾਲ ਕਰਦੇ ਹਨ ਕਿ ਇੱਕ ਸੀਮਤ ਜਗਾ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਇੱਕਠੇ ਹੋਏ ਕਿਸ ਤਰ੍ਹਾਂ ਨੌਜਵਾਨ ਸਮਾਜਿਕ ਦੂਰੀ ਬਣਾ ਕੇ ਰੱਖ ਸਕਦੇ ਹਨ। ਡੀ ਐਸ ਪੀ ਫੂਲ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਪੁਲਿਸ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ। ਉਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੱਤੀ ਜਾਏਗੀ।