ਗੁਰਦਾਸਪੁਰ , 20 ਮਾਰਚ 2025 :-ਪੰਜਾਬ ਰੋਡਵੇਜ਼, ਪਨਬੱਸ , ਪੀਆਰਟੀਸੀ ਕਟਰੈਕਟ ਵਰਕਰ ਯੂਨੀਅਨ 2511 ਵੱਲੋਂ ਬੱਸ ਸਟੈਂਡ ਗੁਰਦਾਸਪੁਰ ਦੀਆਂ ਸਮੱਸਿਆਵਾਂ ਬਾਰੇ ਨੋਟਿਸ ਦਿੱਤੇ ਜਾਣ ਤੋਂ ਬਾਅਦ ਪੰਜਾਬ ਰੋਡਵੇਜ਼ ਡਿਪੂ ਬਟਾਲਾ ਦੇ ਜਨਰਲ ਮੈਨੇਜਰ ਮਧੂ ਪੁਸ਼ਪ ਨੇ ਗੁਰਦਾਸਪੁਰ ਦੇ ਬੱਸ ਸਟੈਂਡ ਦਾ ਦੌਰਾ ਕੀਤਾ ਅਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਕਦਮ ਚੁੱਕੇ ਜਾਣ ਦਾ ਯੂਨੀਅਨ ਨੂੰ ਅਸ਼ਵਾਸਨ ਦਿੱਤਾ ।
ਯੂਨੀਅਨ ਦੇ ਜ਼ਿਲ੍ਾ ਸਰਪਰਸਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬੱਸ ਸਟੈਂਡ ਗੁਰਦਾਸਪੁਰ ਦੀ ਸਭ ਤੋਂ ਵੱਡੀ ਸਮੱਸਿਆ ਐਂਟਰੀ ਗੇਟ ਗਲਤ ਸਾਈਡ ਤੇ ਹੋਣ ਦੀ ਹੈ। ਪਠਾਨਕੋਟ ਅਤੇ ਮੁਕੇਰੀਆਂ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਦੀ ਐਂਟਰੀ ਗਲਤ ਸਾਈਡ ਤੇ ਰੱਖੀ ਗਈ ਹੈ ਜਿਸ ਕਾਰਨ ਉਹਨਾਂ ਨੂੰ ਇਕ ਕਿਲੋਮੀਟਰ ਦੇ ਕਰੀਬ ਰੋਂਗ ਸਾਈਡ ਤੇ ਚਲਣਾ ਪੈਂਦਾ ਹੈ ਜਿਸ ਕਾਰਨ ਕਈ ਦੁਰਘਟਨਾਵਾਂ ਵੀ ਵਾਪਰ ਚੁੱਕੀਆ ਹਨ । ਇਸ ਦੇ ਨਾਲ ਹੀ ਐਂਟਰੀ ਗੇਟ ਤੇ ਕਿਸੇ ਤਰ੍ਹਾਂ ਦੀ ਰੋਕ ਟੋਕ ਨਾ ਹੋਣ ਕਾਰਨ ਫੋਰ ਵੀਲਰ, ਟੂ ਵੀਲਰ ਸਿੱਧੇ ਬੱਸ ਸਟੈਂਡ ਦੇ ਅੰਦਰ ਆ ਜਾਂਦੇ ਹਨ ਅਤੇ ਇਹ ਵੀ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਬਸ ਸਟੈਂਡ ਤੇ ਕੋਈ ਇਨਕੁਆਇਰੀ ਕਾਂਉਟਰ ਨਹੀਂ ਹੈ ਤੇ ਨਾ ਹੀ ਪੁਲਿਸ ਸੁਰੱਖਿਆ ਦੀ ਵਿਵਸਥਾ ਹੈ । ਬੱਸ ਸਟੈਂਡ ਦਾ ਠੇਕਾ ਜਿਸ ਨੂੰ ਦਿੱਤਾ ਗਿਆ ਹੈ ਉਸ ਠੇਕੇਦਾਰ ਨੇ ਆਪਣਾ ਦਫਤਰ ਵੀ ਬੱਸ ਸਟੈਂਡ ਵਿੱਚ ਬਣਾਉਣਾ ਜਰੂਰੀ ਨਹੀਂ ਸਮਝਿਆ ਜਿਸ ਕਾਰਨ ਉਸਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕੀਤੀ ਜਾ ਸਕਦੀ। ਦੋ ਸਾਲ ਤੋਂ ਵੱਧ ਅਰਸਾ ਬੱਸ ਸਟੈਂਡ ਨੂੰ ਬਣੇ ਹੋ ਗਿਆ ਹੈ ਪਰ ਹਜੇ ਤੱਕ ਇੱਥੇ ਕੰਟੀਨ ਨਹੀਂ ਖੋਲੀ ਗਈ। ਹੋਰ ਤਾਂ ਹੋਰ ਬੱਸ ਸਟੈਂਡ ਤੇ ਸਵਾਰੀਆਂ ਦੇ ਪੀਣ ਦੇ ਪਾਣੀ ਦੀ ਵੀ ਲੋੜ ਦੇ ਹਿਸਾਬ ਨਾਲ ਵਿਵਸਥਾ ਨਹੀਂ ਹੈ । ਇਹਨਾਂ ਸਮੱਸਿਆਵਾਂ ਨੂੰ ਲੈ ਕੇ ਜੀਐਮ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ ਜਿਸ ਤੇ ਉਹਨਾਂ ਨੇ ਅੱਜ ਬੱਸ ਸਟੈਂਡ ਗੁਰਦਾਸਪੁਰ ਦਾ ਦੌਰਾ ਕੀਤਾ ਹੈ। ਜੇਕਰ ਫਿਰ ਵੀ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਹਨਾਂ ਨੂੰ ਫਿਰ ਆਪਣੇ ਤੌਰ ਤੇ ਨਾਜਾਇਜ਼ ਜਾਂ ਫਿਰ ਨਾਜਾਇਜ਼ ਢੰਗ ਨਾਲ ਸੁਲਝਾਉਣਗੇ ।