ਅੰਮ੍ਰਿਤਸਰ, 11 ਜੁਲਾਈ 2020 – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਲੀਡਰ ਮਨਜੀਤ ਸਿੰਘ ਭੋਮਾਂ ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ, ਅਕਾਲੀ ਨੇਤਾ ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਮਜੀਠੀਆ, ਹਰਸ਼ਰਨ ਸਿੰਘ ਭਾਂਤਪੁਰ ਜੱਟਾਂ ਅਤੇ ਗੁਰਚਰਨ ਸਿੰਘ ਬਸਿਆਲਾ ਨੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰਦੂਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ 267 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਨੂੰ ਘੋਖਣ ਲਈ ਜੋ ਅੱਠ ਮੈਂਬਰੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਣਾਈ ਹੈ ਉਸ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਮੂਲੋਂ ਰੱਦ ਕਰਦੀ ਹੈ ਕਿਉਕਿ 2016 ਵਿੱਚ ਵੀ ਸ਼੍ਰੌਮਣੀ ਕਮੇਟੀ ਵਲੋਂ ਚਾਰ ਮੈਂਬਰਾਂ ਸੁਖਦੇਵ ਸਿੰਘ ਭੌਰ, ਰਘੂਜੀਤ ਸਿੰਘ ਵਿਰਕ, ਰਾਜਿੰਦਰ ਸਿੰਘ ਮਹਿਤਾ ਅਤੇ ਮੌਜੂਦਾ ਚੀਫ ਸਕੱਤਰ ਡਾ ਰੂਪ ਸਿੰਘ ਤੇ ਆਧਾਰਿਤ ਇੱਕ ਪੜਤਾਲੀਆ ਕਮੇਟੀ ਬਣਾਈ ਸੀ ਜੋ ਅੱਜ ਵੀ ਪੰਥ ਕੌਮ ਤੇ ਸ਼ੌਮਣੀ ਕਮੇਟੀ ਦੇ ਸਿਰਮੌਰ ਮਹਾਂਰੱਥੀ ਅਖਵਾਂਉਦੇ ਹਨ।
ਇਹਨਾਂ ਮਹਾਰੱਥੀਆਂ ਨੇ ਅੱਜ ਚਾਰ ਸਾਲ ਬੀਤ ਜਾਣ ਤੇ ਵੀ ਇਕ ਸ਼ਬਦ ਵੀ ਨਹੀ ਲਿਖਿਆ ਤੇ ਨਾ ਹੀ ਬੋਲਿਆ, ਜਦੋਂ ਕਿ ਸੁਖਦੇਵ ਸਿੰਘ ਭੌਰ ਆਪਣੇ ਆਪ ਨੂੰ ਸਚਾਈ ਤੇ ਇਮਾਨਦਾਰੀ ਦਾ ਮੁਜਸਮਾ ਦੱਸਦੇ ਨਹੀਂ ਥੱਕਦੇ। ਰਾਜਿੰਦਰ ਸਿੰਘ ਮਹਿਤਾ ਤੇ ਡਾ ਰੂਪ ਸਿੰਘ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਬਾਦਲਾਂ ਨੂੰ ਵੱਧ ਸਮਰਪਣ ਹੋਣ ਦੀ ਮਜਬੂਰੀ ਵੀ ਸਿੱਖ ਕੌਮ ਸਮਝਦੀ ਹੈ।
ਹੁਣ ਦੀ ਕਮੇਟੀ ਵਿਚ ਸ਼ਾਮਿਲ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ,ਸ਼੍ਰੌਮਣੀ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ,ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਕੰਗ,ਜਗਸੀਰ ਸਿੰਘ ਮਾਂਗਆਣਾਂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਤੇਜ ਸਿੰਘ ਢੱਡੇ, ਸਰਵਨ ਸਿੰਘ ਕੁਲਾਰ ਅਤੇ ਕੁਆਰਡੀਨੇਟਰ ਮੀਤ ਸਕੱਤਰ ਸਿਮਰਜੀਤ ਸਿੰਘ ਵਰਗੇ ਲੋਕ ਸ਼੍ਰੌਮਣੀ ਕਮੇਟੀ ਦੇ ਮੌਜੂਦਾ ਮੁੱਖ ਸਕੱਤਰ ਡਾ ਰੂਪ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼੍ਰੌਮਣੀ ਕਮੇਟੀ ਸ੍ਰ ਰਾਜਿੰਦਰ ਸਿੰਘ ਮਹਿਤਾ,ਸਾਬਕਾ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ,ਸ਼ਵਰਗੀ ਜਥੇਦਾਰ ਅਵਤਾਰ ਸਿੰਘ ਮੱਕੜ ਸਮੇਤ ਉਸ ਵਕਤ ਦੀ ਸਾਰੀ ਸ਼੍ਰੌਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਇਹਨਾਂ ਦੇ ਸਿਆਸੀ ਆਕਾਵਾਂ ਖਿਲਾਫ ਪੜਤਾਲ ਕਰਨ ਦੀ ਹੈਸੀਅਤ ਰਖਦੇ ਵੀ ਹਨ ? ਇਸ ਤੋਂ ਪਹਿਲਾਂ ਵੀ ਕਈ ਘਪਲਿਆਂ ਦੀ ਜਾਂਚ ਲਈ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਕਈ ਕਮੇਟੀਆਂ ਬਣੀਆਂ , ਜਾਂਚ ਤੇ ਨਤੀਜਾ ਜ਼ੀਰੋ ਨਿਕਲਿਆ।
ਫੈਡਰਸ਼ਨ/ਅਕਾਲੀ ਆਗੂਆਂ ਜੋਰ ਦੇ ਕੇ ਕਿਹਾ ਇਹ ਕਮੇਟੀ ਸਿੱਖ ਕੌਮ ਨਾਲ ਵੱਡਾ ਧੋਖਾ ਹੈ,ਅਕ੍ਰਿਤਘਣਤਾ ਹੈ, ਧ੍ਰੋਹ ਹੈ,ਮੁਜਰਮਾਂ ਨੂੰ ਬਚਾਉਣ ਦੀ ਕੋਝੀ ਹਰਕਤ ਹੈ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਦੇ ਬਰਦਾਸ਼ਤ ਨਹੀ ਕਰੇਗੀ ਤੇ ਇਸ ਦਾ ਹਰ ਲੋਕਤੰਤਰੀ ਢੰਗ ਨਾਲ ਵਿਰੋਧ ਕਰੇਗੀ। ਫੈਡਰਸ਼ਨ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੌਬਿੰਦ ਸਿੰਘ ਲੋਂਗੋਵਾਲ ਤੋਂ ਪੁਰਜ਼ੋਰ ਮੰਗ ਕਰਦੀ ਹੈ ਮੌਜੂਦਾ ਸੰਬੰਧਤ ਵੱਡੇ ਅਧਿਕਾਰੀਆ ਨੂੰ ਸਸਪੈੰਡ ਕਰਕੇ ਸਾਬਕਾ ਗੁਰਸਿਖ ਜੱਜਾਂ ਦੇ ਪੈਨਲ ਕੋਲੋਂ ਇਸ ਸਭ ਤੌਂ ਘਿਣਾਉਣੇ ਅਪਰਾਧ ਦੀ ਨਿਰਪੱਖ ਪੜਤਾਲ ਕਰਾਉਣ ਨੂੰ ਤਰਜੀਹ ਦੇਵੇ ।ਫੈਡਰਸ਼ਨ ਸਮੂੱਚੀ ਕੌਮ ਨੂੰ ਦਿਲ ਟੁੰਬਵੀ ਅਪੀਲ ਕਰਦੀ ਹੈ ਕਿ ਹੁਣ ਤਾਂ ਉਠੋ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਖਿਲਵਾੜ ਕਰ ਰਹੇ ਸੰਬੰਧਤ ਸਿਆਸੀ ਨੇਤਾਵਾਂ ਨਾਲ ਕਿਸੇ ਕਿਸਮ ਦਾ ਵਾਸਤਾ ਨਾ ਰਖਣ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਕੇ ਪ੍ਰਣ ਕਰੀਏ।