ਨਵੀਂ ਦਿੱਲੀ, 26 ਜੂਨ 2020 – ਪੰਜਾਬ ਵਿਚ ਦੱਖਣੀ-ਪੱਛਮੀ ਮਾਨਸੂਨ ਦੀ ਸ਼ੁਰੂਆਤ ਵੀਰਵਾਰ ਨੂੰ ਹੋ ਗਈ ਹੈ ਅਤੇ ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ‘ਚ ਕਈ ਥਾਵਾਂ ‘ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਦੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਕ ਐਗਰੋਮੀਓਟੋਲੋਜਿਸਟ ਕੁਲਵਿੰਦਰ ਕੌਰ ਗਿੱਲ ਵੱਲੋਂ ਦਿੱਤੀ ਗਈ।
ਉਨ੍ਹਾਂ ਕਿਹਾ, “ਕਿ ਪੰਜਾਬ ਦੇ ਉੱਤਰ-ਪੂਰਬੀ ਖੇਤਰਾਂ ਵਿੱਚ ਕੱਲ੍ਹ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਜ਼ਿਲ੍ਹੇ ਬਾਰਿਸ਼ ਹੋਈ। ਇਸ ਵਾਰ ਮੌਨਸੂਨ ਉੱਤਰ-ਪੂਰਬੀ ਖੇਤਰ ਤੋਂ ਦਾਖਲ ਹੋਇਆ ਹੈ। ਉਮੀਦ ਕੀਤੀ ਜਾ ਰਹੀ ਹੈ ਇਸ ਵਾਰ ਵਧੀਆ ਬਾਰਿਸ਼ ਹੋਵੇਗੀ।”
ਇੰਡੀਆ ਮੌਸਮ ਵਿਗਿਆਨ ਵਿਭਾਗ (ਆਈਐਮਡੀ), ਮੌਸਮ ਕੇਂਦਰ ਜੈਪੁਰ ਦੇ ਅਨੁਸਾਰ, ਦੱਖਣ-ਪੱਛਮੀ ਮਾਨਸੂਨ ਅੱਜ ਸੂਬੇ ਦੇ ਕੁੱਝ ਹੋਰ ਹਿੱਸਿਆਂ ਵੱਲ ਅੱਗੇ ਵੱਧ ਗਿਆ ਹੈ। ਦੂਜੇ ਪਾਸੇ ਆਈਐਮਡੀ ਨੇ ਵੀਰਵਾਰ ਨੂੰ ਦਿੱਲੀ ਤੋਂ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਮੌਸਮ ਦੀ ਸਥਿਤੀ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਬਹੁਤ ਅਨੁਕੂਲ ਹੈ ਅਤੇ ਮਾਨਸੂਨ ਦੋ ਦਿਨਾਂ ਵਿੱਚ ਰਾਜਸਥਾਨ ਰਾਜ ਦੇ 27 ਜ਼ਿਲ੍ਹਿਆਂ ‘ਚ ਦਾਖਲ ਹੋ ਗਈ ਹੈ। ਆਈਐਮਡੀ ਨੇ ਵੀਰਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਰਾਜਸਥਾਨ ਦੇ ਕੁੱਝ ਹੋਰ ਹਿੱਸਿਆਂ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੂਰੀ ਦਿੱਲੀ, ਹਰਿਆਣਾ ਦੇ ਕੁੱਝ ਹਿੱਸਿਆਂ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਗੇ ਵਧ ਗਿਆ ਹੈ।
ਆਈਐਮਡੀ ਨੇ ਬੁੱਧਵਾਰ ਨੂੰ ਅਗਲੇ ਦੋ ਦਿਨਾਂ ਵਿੱਚ ਉੱਤਰ ਭਾਰਤ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਆਈਐਮਡੀ ਨੇ ਕਿਹਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਪੱਛਮੀ ਹਿਮਾਲਿਆਈ ਖੇਤਰ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿੱਚ ਹਲਕੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।