ਮਾਲੇਰਕੋਟਲਾ, 21 ਜਨਵਰੀ 2024-ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਮਾਲੇਰਕੋਟਲਾ ਨੇ ਡਿਪਟੀ ਕਮਿਸ਼ਨਰ ਡਾ. ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਲੀਕੇ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਸਥਾਨਕ ਟਰੱਕ ਯੂਨੀਅਨ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਟਰੱਕ ਡਰਾਇਵਰਾਂ ਦੀਆਂ ਅੱਖਾਂ ਦਾ ਮੈਡੀਕਲ ਚੈੱਕਅਪ ਕਰਵਾਇਆ।
ਇਹ ਜਾਣਕਾਰੀ ਦਿੰਦਿਆਂ ਖੇਤਰੀ ਟਰਾਂਸਪੋਰਟ ਅਫ਼ਸਰ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਕੌਮੀ ਸੜਕ ਸੁਰੱਖਿਆ ਮਹੀਨੇ ਦੌਰਾਨ ਟਰੱਕ ਯੂਨੀਅਨ ਦੇ ਮੈਂਬਰ ਡਰਾਇਵਰਾਂ ਨੂੰ ਜਿੱਥੇ ਸੜਕੀ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਥੇ ਹੀ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਕਰਵਾਈ ਗਈ ਹੈ ਤਾਂ ਜੋ ਅਨਸੁਖਾਵੀਂ ਦੁਰਘਟਨਾ ਹੋਣ ਤੋਂ ਟਾਲੀ ਜਾ ਸਕੇ ।
ਆਰ.ਟੀ.ਓ. ਨੇ ਅੱਗੇ ਕਿਹਾ ਕਿ ਸੜਕ ਸੁਰੱਖਿਆ ਮਹੀਨੇ ਤਹਿਤ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਸਕੂਲਾਂ ਕਾਲਜਾਂ, ਯੂਨੀਵਰਸਿਟੀ, ਟਰੱਕ ਯੂਨੀਅਨ, ਟੈਕਸੀ ਸਟੈਂਡ ਵਿਖੇ ਜਾ ਕੇ ਨੌਜਵਾਨਾਂ ਅਤੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧੁੰਦ ਦੇ ਮੌਸਮ ਨੂੰ ਵੇਖਦਿਆਂ ਟਰੈਕਟਰ ਟਰਾਲੀਆਂ, ਟਰੱਕਾਂ, ਕਾਰਾਂ ਅਤੇ ਹੋਰ ਵਹੀਕਲਜ਼ ਉਪਰ ਰਿਫ਼ਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਧੁੰਦ ਕਾਰਨ ਕੋਈ ਹਾਦਸਾ ਨਾ ਵਾਪਰੇ।
ਗੁਰਮੀਤ ਕੁਮਾਰ ਬਾਂਸਲ ਨੇ ਅੱਗੇ ਦੱਸਿਆ ਕਿ ਅੱਜ ਸਥਾਨਕ ਸਰਕਾਰੀ ਹਸਪਤਾਲ ਦੇ ਅੱਖਾਂ ਦੇ ਡਾਕਟਰ ਡਾ. ਗੁਰਸਿਮਰਨ ਸਿੰਘ ਨੇ 65 ਦੇ ਕਰੀਬ ਟਰੱਕ ਯੂਨੀਅਨ ਦੇ ਮੈਂਬਰ ਡਰਾਇਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ ਪ੍ਰਧਾਨ ਟਰੱਕ ਯੂਨੀਅਨ ਮਾਲੇਰਕੋਟਲਾ ਸਰਪੰਚ ਸ: ਨਰਿੰਦਰ ਸਿੰਘ ਸੋਹੀ ਨੇ ਕਿਹਾ ਕਿ ਉਹ ਆਪਣੀ ਯੂਨੀਅਨ ਦੇ ਸਾਰੇ ਡਰਾਇਵਰਾਂ ਨੂੰ ਆਵਾਜਾਈ ਨਿਯਮਾਂ ਬਾਰੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਤੋਂ ਲਗਾਤਾਰ ਜਾਣੂ ਕਰਵਾ ਰਹੇ ਹਨ ਤਾਂ ਕਿ ਸੜਕਾਂ ‘ਤੇ ਹੁੰਦੇ ਹਾਦਸੇ ਟਾਲੇ ਜਾ ਸਕਣ।
ਇਸ ਮੌਕੇ ਐਸ.ਐਮ.ਓ. ਡਾ.ਜਗਜੀਤ ਸਿੰਘ, ਡੀ.ਐਮ.ਸੀ. ਡਾ: ਰਿਸ਼ਮਾ ਭੌਰਾ , ਗੁਰਪ੍ਰੀਤ ਵਾਲੀਆ ,ਦਿਲਵਰ ਮੁਹੰਮਦ ਤੋਂ ਇਲਾਵਾ ਹੋਰ ਵੀ ਨੁਮਾਇੰਦੇ ਤੇ ਪਤਵੰਤੇ ਮੌਜੂਦ ਸਨ ।