ਤਾਮਿਲਨਾਡੂ: 8 ਦਸੰਬਰ 2021 ਨੂੰ ਤਾਮਿਲਨਾਡੂ ਦੇ ਕੂਨੂਰ ਵਿੱਚ ਵਾਪਰੇ Mi-17V5 ਹੈਲੀਕਾਪਟਰ ਹਾਦਸੇ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਕੁੱਲ 13 ਲੋਕਾਂ ਦੀ ਮੌਤ ਹੋ ਗਈ ਸੀ। ਰੱਖਿਆ ਸਥਾਈ ਕਮੇਟੀ ਦੁਆਰਾ ਜਾਰੀ ਕੀਤੀ ਰਿਪੋਰਟ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਘਟਨਾ ਦਾ ਮੁੱਖ ਕਾਰਨ ਮਨੁੱਖੀ ਗਲਤੀ ਸੀ।
ਜਨਵਰੀ 2022 ਵਿੱਚ ਭਾਰਤੀ ਹਵਾਈ ਸੈਨਾ (IAF) ਨੇ ਦੱਸਿਆ ਸੀ ਕਿ ਹਾਦਸੇ ਦਾ ਮੁੱਖ ਕਾਰਨ ਖਰਾਬ ਮੌਸਮ ਵਿੱਚ ਪਾਇਲਟ ਦੁਆਰਾ ਹੋਈ ਗਲਤੀ ਸੀ। ਰਿਪੋਰਟ ਵਿੱਚ ਮਸ਼ੀਨੀ ਖਰਾਬੀ, ਲਾਪਰਵਾਹੀ ਜਾਂ ਸਾਜ਼ਿਸ਼ ਸੰਬੰਧੀ ਸਾਰੇ ਅੰਕੜਿਆਂ ਨੂੰ ਨਕਾਰ ਦਿੱਤਾ ਗਿਆ।
ਹਾਦਸੇ ਦੇ ਤਕਨੀਕੀ ਵੇਰਵੇ
Mi-17V5 ਹੈਲੀਕਾਪਟਰ, ਜੋ ਕਿ ਰੂਸ ਵਿੱਚ ਬਣਿਆ ਅਤੇ ਬੇਹੱਦ ਸੁਰੱਖਿਅਤ ਮੰਨਿਆ ਜਾਂਦਾ ਹੈ, ਹਾਦਸੇ ਦੇ ਸਮੇਂ ਘੱਟ ਉਚਾਈ ‘ਤੇ ਉੱਡ ਰਿਹਾ ਸੀ। ਉਡਾਣ ਦੌਰਾਨ ਇਹ ਬੱਦਲਾਂ ਵਿੱਚ ਦਾਖਲ ਹੋਣ ਕਾਰਨ ਪਾਇਲਟ ਨੇ ਕੰਟਰੋਲ ਗਵਾ ਦਿੱਤਾ। ਇਸ ਦੇ ਬਾਅਦ ਹੈਲੀਕਾਪਟਰ ਅੱਗ ਦੀ ਲਪੇਟ ਵਿੱਚ ਆ ਕੇ ਡਿੱਗ ਗਿਆ। ਇਹ ਘਟਨਾ ਹੈਲੀਕਾਪਟਰ ਦੇ ਲਾਂਡਿੰਗ ਪਾਇੰਟ ਤੋਂ ਸਿਰਫ਼ ਸੱਤ ਮਿੰਟ ਪਹਿਲਾਂ ਵਾਪਰੀ।
ਹੈਲੀਕਾਪਟਰ ਨੇ ਸਵੇਰੇ 11:48 ਵਜੇ ਸੁਲੁਰ ਏਅਰ ਬੇਸ ਤੋਂ ਉਡਾਣ ਭਰੀ ਅਤੇ 12:15 ਵਜੇ ਗੋਲਫ ਕੋਰਸ ਤੇ ਉਤਰਨਾ ਸੀ। ਹਾਲਾਂਕਿ, 12:08 ਵਜੇ ਹੈਲੀਕਾਪਟਰ ਦਾ ਸੰਪਰਕ ਏਅਰ ਟ੍ਰੈਫਿਕ ਕੰਟਰੋਲ ਨਾਲ ਟੁੱਟ ਗਿਆ।
ਰਿਪੋਰਟ ਵਿੱਚ 2017 ਤੋਂ 2022 ਦੇ ਦਰਮਿਆਨ ਵਾਪਰੇ 34 ਹਵਾਈ ਹਾਦਸਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨ ਹਵਾਈ ਕਰੂ ਦੀ ਗਲਤੀ, ਤਕਨੀਕੀ ਨੁਕਸ, ਪੰਛੀਆਂ ਨਾਲ ਟਕਰਾਅ ਅਤੇ ਵਿਦੇਸ਼ੀ ਵਸਤੂਆਂ ਨਾਲ ਹੋਏ ਨੁਕਸਾਂ ਨੂੰ ਦੱਸਿਆ ਗਿਆ ਹੈ। ਕੁਝ ਮਾਮਲੇ ਹੁਣ ਵੀ ਜਾਂਚ ਅਧੀਨ ਹਨ।
ਇਸ ਰਿਪੋਰਟ ਦੇ ਜ਼ਰੀਏ ਐਸੀਆਂ ਹਾਦਸਿਆਂ ਨੂੰ ਰੋਕਣ ਲਈ ਨਵੇਂ ਕਦਮ ਉਠਾਏ ਜਾਣ ਦੀ ਉਮੀਦ ਹੈ। ਇਹ ਰਿਪੋਰਟ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੁਰਘਟਨਾਵਾਂ ਤੋਂ ਸਬਕ ਸਿੱਖਣ ਵਿੱਚ ਮਦਦਗਾਰ ਸਾਬਤ ਹੋਵੇਗੀ।