ਸੁਲਤਾਨਪੁਰ ਲੋਧੀ, 19 ਦਸੰਬਰ2024-ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਰਦ ਰੁੱਤ ਦੇ ਚੱਲ ਰਹੇ ਪਾਰਲੀਮੈਂਟ ਦੇ ਦੌਰਾਨ ਅੱਜ ਖਨੌਰੀ ਬਾਰਡਰ ‘ਤੇ ਕਿਸਾਨੀ ਹੱਕਾਂ ਲਈ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਲਈ ਉੱਚੇਚੇ ਤੌਰ ਤੇ ਪਹੁੰਚੇ। ਉਹਨਾਂ ਉੱਥੇ ਡੱਲੇਵਾਲ ਜੀ ਦੀ ਸਿਹਤਯਾਬੀ ਲਈ ਅਰਦਾਸ ਕਰਦਿਆ ਕਿਹਾ ਕਿ ਉਹ ਇਸ ਮੁੱਦੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਅੱਗੇ ਉਠਾਉਣਗੇ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਜੋ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਉਸਨੂੰ ਸਰਕਾਰ ਵੱਲੋਂ ਮੰਨ ਲੈਣ ਦੇ ਬਾਵਜੂਦ ਵੀ ਅਮਲ ਵਿੱਚ ਨਹੀਂ ਲਿਆਂਦਾ ਜਾ ਰਿਹਾ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਖੇਤਾਂ ਵਿੱਚ ਹੋਣਾ ਚਾਹੀਦਾ ਸੀ ਉਹ ਅੱਜ ਸੜਕਾਂ ‘ਤੇ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਗੱਲ ਕਰਨਗੇ ਕਿ ਉਹ ਪੰਜਾਬ ਤਰਫੋ ਕਿਸਾਨਾਂ ਦੀ ਗੱਲ ਨੂੰ ਕੇਂਦਰ ਸਰਕਾਰ ਅੱਗੇ ਰੱਖਣ। ਉਹਨਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਪੰਜਾਬ ਦੇ ਕਿਸਾਨੀ ਸੰਘਰਸ਼ ਲਈ ਬੇਹੱਦ ਕੀਮਤੀ ਹੈ ਤੇ ਉਨ੍ਹਾਂ ਦੇ ਪਰਿਵਾਰ ਲਈ ਵੀ। ਉਹਨਾਂ ਕਿਹਾ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸਰਵ ਉੱਚ ਅਦਾਲਤ ਸਮੇਤ ਦੇਸ਼ ਦਾ ਕਿਸਾਨ ਤੇ ਮਜ਼ਦੂਰ ਚਿੰਤਤ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਦਿੱਲੀ ਆਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਰੋਸ਼ ਕਰਨਾ ਸੰਵਿਧਾਨਕ ਅਤੇ ਜਮਹੂਰੀ ਹੱਕ ਹੈ। ਉਹਨਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਦੀ ਜਾਨ ਹਰ ਵੇਲੇ ਖਤਰੇ ਵਿੱਚ ਹੈ। ਕੇਂਦਰ ਸਰਕਾਰ ਨੂੰ ਇਸ ਵਿਚ ਦੇਰੀ ਨਹੀਂ ਕਰਨੀ ਚਾਹੀਦੀ।
ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵਾਰ ਸਦਨ ਵਿੱਚ ਉਹਨਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਤੇ ਆਰਥਿਕ ਹਲਾਤਾਂ ਨੂੰ ਲੈ ਵੀ ਮੁੱਦਾ ਉਠਾਉਣਾ ਸੀ ਪਰ ਹਰ ਵਾਰ ਹੰਗਾਮਿਆਂ ਕਾਰਨ ਨਹੀਂ ਉਠਾਇਆ ਜਾ ਸਕਿਆ। ਉਹਨਾਂ ਦਾ ਚਾਰ ਵਾਰ ਜ਼ੀਰੋ ਹਵਰ ਵੀ ਹੰਗਾਮਿਆ ਦੀ ਭੇਂਟ ਚੜ੍ਹ ਗਿਆ।
ਉਹਨਾਂ ਕਮੇਟੀ ਵੱਲੋਂ ਅਦਾਲਤ ਵਿੱਚ ਪੇਸ਼ ਹੋਈ ਇੱਕ ਰਿਪੋਰਟ ਦਾ ਹਵਾਲਾ ਦਿੰਦਿਆ ਹੋਇਆ ਕਿਹਾ ਕਿ ਉਸ ਰਿਪੋਰਟ ਮੁਤਾਬਿਕ ਕਿਸਾਨ ਦੀ ਆਮਦਮ ਦਿਨ ਪ੍ਰਤੀ ਦਿਨ ਘੱਟ ਰਹੀ ਹੈ। ਜਦਕਿ ਅਜ਼ਾਦੀ ਦੇ 75 ਸਾਲਾਂ ਬਾਅਦ ਹਰ ਇੱਕ ਨੇ ਵਿਕਾਸ ਦੀ ਬਰੂਹਾਂ ਨੂੰ ਛੂਹਿਆ ਹੈ। ਹਰ ਸਾਲ ਔਸਤਨ 18 ਹਜ਼ਾਰ ਕਿਸਾਨ ਆਰਥਿਕ ਤੰਗੀ ਕਾਰਣ ਆਤਮਹੱਤਿਆ ਕਰ ਰਹੇ ਹਨ। ਜੋ ਕਿ ਬਹੁਤ ਹੀ ਦੁੱਖਦਾਇਕ ਗੱਲ ਹੈ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਹਰ ਵਾਰ ਕਾਰਪੋਰੇਟਾਂ ਦੇ ਕਰਜ਼ੇ ਤਾਂ ਮਾਫ ਕਰ ਦਿੱਤੇ ਜਾਂਦੇ ਹਨ ਪਰ ਕਿਸਾਨਾਂ ਦੀ ਗੱਲ ਨਹੀ ਸੁਣੀ ਜਾਂਦੀ। ਉਹਨਾਂ ਪੁਰਜ਼ੋਰ ਮੰਗ ਕੀਤੀ ਕਿ ਕਿਸਾਨਾਂ ਦੇ ਕਰਜ਼ਿਆਂ ਤੇ ਵੀ ਉਸੇ ਤਰ੍ਹਾ ਲੀਕ ਮਾਰੀ ਜਾਵੇ ਜਿਵੇਂ ਕਾਰਪੋਰਟਾਂ ਦੇ ਕਰਜ਼ੇ ਮਾਫ ਕੀਤੇ ਜਾਂਦੇ ਹਨ।